ਨਵੀਂ ਦਿੱਲੀ, 4 ਮਾਰਚ
ਆਮਦਨ ਕਰ ਵਿਭਾਗ ਵੱਲੋਂ ਮੁੰਬਈ ਤੇ ਪੁਣੇ ਵਿਚਲੇ 30 ਦੇ ਕਰੀਬ ਟਿਕਾਣਿਆਂ ’ਤੇ ਕੱਲ੍ਹ ਤੋਂ ਜਾਰੀ ਛਾਪਿਆਂ ਮਗਰੋਂ ਬੌਲੀਵੁੱਡ ਅਦਾਕਾਰ ਤਾਪਸੀ ਪੰਨੂ ਤੇ ਫ਼ਿਲਮਸਾਜ਼ ਅਨੁਰਾਗ ਕਸ਼ਯਪ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਵਿਭਾਗ ਨੇ ਤਾਪਸੀ ਦੇ ਘਰੋਂ ਪੰਜ ਕਰੋੜ ਰੁਪਏ ਨਗਦੀ ਦੀ ਰਸੀਦ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਆਮਦਨ ਕਰ ਦੀ ਟੀਮ ਨੇ ਦਾਅਵਾ ਕੀਤਾ ਕਿ ਛਾਪੇਮਾਰੀ ਦੌਰਾਨ ਉਸ ਹੱਥ ਫ਼ਿਲਮਸਾਜ਼ ਅਨੁਰਾਗ ਕਸ਼ਯਪ ਦੇ ਪ੍ਰੋਡਕਸ਼ਨ ਹਾਊਸ ਫੈਂਟਮ ਫ਼ਿਲਮਜ਼ ਦੀ ਆਮਦਨ ਤੇ ਸ਼ੇਅਰਾਂ ਵਿੱਚ ਵੱਡੇ ਪੱਧਰ ’ਤੇ ਹੇਰਾਫੇਰੀ ਦੇ ਸਬੂਤ ਮਿਲੇ ਹਨ। ਸੂਤਰਾਂ ਨੇ ਵਿਭਾਗ ਦੇ ਹਵਾਲੇ ਨਾਲ ਕਿਹਾ ਕਿ ਟੀਮ ਨੂੰ 350 ਕਰੋੜ ਰੁਪਏ ਦੀ ਟੈਕਸ ਹੇਰਾਫੇਰੀ ਬਾਰੇ ਪਤਾ ਲੱਗਾ ਹੈ। ਕੰਪਨੀ ਦੇ ਅਧਿਕਾਰੀ 350 ਕਰੋੜ ਰੁਪਏ ਦਾ ਹਿਸਾਬ ਕਿਤਾਬ ਦੇਣ ਵਿੱਚ ਨਾਕਾਮ ਰਹੇ ਹਨ। ਇਸੇ ਤਰ੍ਹਾਂ ਤਾਪਸੀ ਦੇ ਘਰੋ ਪੰਜ ਕਰੋੜ ਰੁਪਏ ਨਗ਼ਦੀ ਦੀ ਰਸੀਦ ਮਿਲੀ ਹੈ, ਜਿਸ ਦੀ ਜਾਂਚ ਜਾਰੀ ਹੈ। ਆਮਦਨ ਕਰ ਦੀ ਟੀਮ ਨੇ ਮੋਬਾਈਲ ਫੋਨ, ਲੈਪਟੌਪ ਤੇ ਹੋਰ ਦਸਤਾਵੇਜ਼ ਆਪਣੇ ਕਬਜ਼ੇ ’ਚ ਲੈ ਲਏ ਹਨ। ਟੀਮ ਵਿੱਚ ਸ਼ਾਮਲ ਅਧਿਕਾਰੀਆਂ ਨੇ ਕਿਹਾ ਕਿ ਦਸਤਾਵੇਜ਼ ਵਿੱਚ ਦਰਸਾਈ ਆਮਦਨ ਫ਼ਿਲਮਸਾਜ਼ ਦੇ ਪ੍ਰੋਡਕਸ਼ਨ ਹਾਊਸ ਫੈਂਟਮ ਫ਼ਿਲਮਜ਼ ਦੇ ਆਮਦਨ ਦੇ ਸਰੋਤਾਂ ਨਾਲ ਮੇਲ ਨਹੀਂ ਖਾਂਦੀ।
ਇਸ ਦੌਰਾਨ ਰਿਲਾਇੰਸ ਐਂਟਰਟੇਨਮੈਂਟ ਗਰੁੱਪ ਦੇ ਸੀਈਓ ਸ਼ਿਭਾਸ਼ੀਸ਼ ਸਰਕਾਰ ਦੀਆਂ ਜਾਇਦਾਦਾਂ ਤੇ ਕੁਝ ਟੈਲੇਂਟ ਮੈਨੇਜਮੈਂਟ ਕੰਪਨੀਆਂ ‘ਕਵਾਨ’ ਤੇ ‘ਐਕਸੀਡ’ ’ਤੇ ਵੀ ਆਈਟੀ ਟੀਮ ਨੇ ਛਾਪੇ ਮਾਰੇ ਗਏ ਹਨ। ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ ਨੇ ਕਿਹਾ ਕਿ ਉਪਰੋਕਤ ਛਾਪੇ ਗੁਪਤ ਜਾਣਕਾਰੀ ਦੇ ਅਧਾਰ ’ਤੇ ਮਾਰੇ ਗਏ ਸਨ। -ਏਜੰਸੀ