ਨਵੀਂ ਦਿੱਲੀ, 4 ਜੂਨ
ਜੰਮੂ-ਕਸ਼ਮੀਰ ’ਚ ਟਾਰਗੇਟ ਕਿਲਿੰਗ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਕਸ਼ਮੀਰੀ ਪੰਡਿਤ ਭਾਈਚਾਰੇ ਦੇ 177 ਅਧਿਆਪਕਾਂ ਦੇ ਤਬਾਦਲੇ ਕਰ ਦਿੱਤੇ ਪਰ ਇਹ ਸੂਚੀ ਸ਼ੋਸ਼ਲ ਮੀਡੀਆ ’ਤੇ ਲੀਕ ਹੋ ਗਈ ਜਿਸ ਕਾਰਨ ਇਨ੍ਹਾਂ ਕਸ਼ਮੀਰੀ ਪੰਡਤਾਂ ਦੀ ਸੁਰੱਖਿਆ ਵਿਚ ਵੱਡੀ ਅਣਗਹਿਲੀ ਹੋਈ। ਸੂਬਾ ਸਰਕਾਰ ਨੇ ਉਕਤ ਅਧਿਆਪਕਾਂ ਨੂੰ ਕਸ਼ਮੀਰ ਦੇ ਜ਼ਿਲ੍ਹਾ ਹੈੱਡਕੁਆਰਟਰ ਵਿੱਚ ਤਾਇਨਾਤ ਕੀਤਾ ਹੈ। ਇਹ ਫੈਸਲਾ ਸ਼ੁੱਕਰਵਾਰ ਨੂੰ ਗ੍ਰਹਿ ਮੰਤਰਾਲੇ ਵਿੱਚ ਹੋਈ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਲਿਆ ਗਿਆ। ਤਬਾਦਲਾ ਸੂਚੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਕਸ਼ਮੀਰ ਵਿਚਲੀ ਭਾਜਪਾ ਨੇ ਇਤਰਾਜ਼ ਜਤਾਇਆ ਹੈ। ਪਾਰਟੀ ਦਾ ਕਹਿਣਾ ਹੈ ਕਿ ਟਾਰਗੇਟ ਕਿਲਿੰਗ ਦੀ ਸੂਚੀ ਵਾਇਰਲ ਹੋਣ ਕਾਰਨ ਹੁਣ ਦਹਿਸ਼ਤਗਰਦਾਂ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਦੀ ਪੋਸਟਿੰਗ ਕਿੱਥੇ ਕੀਤੀ ਗਈ ਹੈ। ਇਸ ਸੂਚੀ ਨੂੰ ਵਾਇਰਲ ਕਰਨ ਵਾਲੇ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾਵੇ। ਭਾਜਪਾ ਦੇ ਬੁਲਾਰੇ ਅਲਤਾਫ ਠਾਕੁਰ ਨੇ ਕਿਹਾ ਕਿ ਇਹ ਸੁਰੱਖਿਆ ਵਿਚ ਵੱਡੀ ਕੋਤਾਹੀ ਹੈ।