ਟ੍ਰਿਬਿਊਨ ਨਿਊਜ਼ ਸਰਵਿਸ
ਸੋਲਨ, 18 ਸਤੰਬਰ
ਹਿਮਾਚਲ ਪ੍ਰਦੇਸ਼ ਦੇ ਟਰਾਂਸਪੋਰਟ ਵਿਭਾਗ ਵੱਲੋਂ ਆਲ ਇੰਡੀਆ ਟੂਰਿਸਟ ਪਰਮਿਟ ਵਹੀਕਲਜ਼ ਰੂਲਜ਼ 2023 ਉਤੇ ਚੱਲ ਰਹੀਆਂ ਟੈਂਪੂ ਟਰੈਵਲਰਜ਼ ’ਤੇ ਹਾਲ ਹੀ ਵਿਚ ਲਾਏ ਗਏ ਟੈਕਸ ’ਤੇ ਰੋਸ ਜ਼ਾਹਿਰ ਕਰਦਿਆਂ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਟਰਾਂਸਪੋਰਟਰਾਂ ਨੇ ਪਰਵਾਣੂ ਅੰਤਰ-ਰਾਜੀ ਬੈਰੀਅਰ ਉਤੇ ਧਰਨਾ ਦਿੱਤਾ ਤੇ ਰਾਜ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ‘ਆਜ਼ਾਦ ਟੈਕਸੀ ਯੂਨੀਅਨ’ ਦੇ ਬੈਨਰ ਹੇਠ ਇਕੱਠੇ ਹੋ ਕੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ 200 ਰੁਪਏ ਪ੍ਰਤੀ ਦਿਨ ਦੇ ਸੈੱਸ ਨਾਲ 3 ਹਜ਼ਾਰ ਰੁਪਏ ਪ੍ਰਤੀ ਦਿਨ ਟੈਕਸ ਲਾਉਣਾ ਸਹੀ ਨਹੀਂ ਹੈ। ਇਹ ਟੈਕਸ 13, 17 ਤੇ 23 ਸੀਟਰ ਟੈਂਪੂ ਟਰੈਵਲਰਜ਼ ਉਤੇ ਲਾਇਆ ਗਿਆ ਹੈ। ਉਨ੍ਹਾਂ ਕਿਹਾ, ‘ਜੇ ਵੋਲਵੋ ਬੱਸਾਂ ਸਟੇਟ ਕੈਰਿਜ ਉਤੇ ਚੱਲ ਕੇ ਟੈਕਸ ਤੋਂ ਬਚ ਰਹੀਆਂ ਹਨ, ਤਾਂ ਅਧਿਕਾਰੀਆਂ ਨੂੰ ਉਨ੍ਹਾਂ ਦੀ ਗਤੀਵਿਧੀ ਉਤੇ ਗੌਰ ਕਰਨਾ ਚਾਹੀਦਾ ਹੈ, ਨਾ ਕਿ ਟੈਂਪੂ ਟਰੈਵਲਰਜ਼ ਉਤੇ ਬਰਾਬਰ ਟੈਕਸ ਲਾ ਕੇ ਉਨ੍ਹਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਟੈਕਸੀ ਯੂਨੀਅਨ ਦੇ ਪ੍ਰਧਾਨ ਸ਼ਰਨਜੀਤ ਸਿੰਘ ਕਲਸੀ ਤੇ ਚੇਅਰਮੈਨ ਹਰਨਾਰਾਇਣ ਸਿੰਘ ਮਾਨ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਨਵਾਂ ਟੈਕਸ ਨੋਟੀਫਿਕੇਸ਼ਨ ਵਾਪਸ ਨਹੀਂ ਲਿਆ ਗਿਆ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਰਾਜ ਦੀਆਂ ਹੱਦਾਂ ਬੰਦ ਕਰਨਗੇ। ਦੂਜੇ ਰਾਜਾਂ ਤੋਂ ਹਿਮਾਚਲ ਵਿਚ ਦਾਖਲ ਹੋਣ ਵਾਲੇ ਵਾਹਨਾਂ ਉਤੇ ਇਹ ਟੈਕਸ ਪਹਿਲੀ ਸਤੰਬਰ ਨੂੰ ਲਾਗੂ ਹੋ ਗਿਆ ਹੈ। ਟਰਾਂਸਪੋਰਟਰਾਂ ਨੇ ਕਿਹਾ ਕਿ ਰਾਜ ਸਰਕਾਰ ਦਾ ਫੈਸਲਾ ਕੇਂਦਰੀ ਮੰਤਰਾਲੇ ਦੇ ਨੋਟੀਫਿਕੇਸ਼ਨ ਤੋਂ ਉਲਟ ਹੈ ਜਿਸ ਵਿਚ ਆਲ ਇੰਡੀਆ ਪਰਮਿਟ ਤਹਿਤ ਚੱਲ ਰਹੇ ਟੂਰਿਸਟ ਵਾਹਨਾਂ ਨੂੰ ਕਿਸੇ ਵੀ ਰਾਜ ਵਿਚ ਟੈਕਸ ਤੋਂ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਕੇਂਦਰ ਨੂੰ ਟੈਕਸ ਦੇ ਰਹੇ ਹਨ।