ਲਖਨਊ, 8 ਜੂਨ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਵਿੱਚ 69000 ਅਧਿਆਪਕਾਂ ਦੀ ਭਰਤੀ ਮਾਮਲੇ ਦੀ ਤੁਲਨਾ ਮੱਧ ਪ੍ਰਦੇਸ਼ ਦੇ ਵਿਆਪਮ ਘੁਟਾਲੇ ਨਾਲ ਕੀਤੀ ਹੈ। ਪ੍ਰਿਯੰਕਾ ਨੇ ਅੱਜ ਕੀਤੇ ਲੜੀਵਾਰ ਟਵੀਟ ਵਿੱਚ ਕਿਹਾ, ‘‘ 69000 ਅਧਿਆਪਕਾਂ ਦੀ ਭਰਤੀ ਦਾ ਘੁਟਾਲਾ ਉੱਤਰ ਪ੍ਰੇਦਸ਼ ਦਾ ਵਿਆਪਮ ਘੁਟਾਲਾ ਹੈ। ’’ ਉਨ੍ਹਾਂ ਕਿਹਾ, ‘ ਇਸ ਮਾਮਲੇ ਵਿੱਚ ਗੜਬੜੀ ਦੇ ਸਬੂਤ ਆਮ ਨਹੀਂ ਹਨ। ਡਾਇਰੀਆਂ ਵਿੱਚ ਵਿਦਿਆਰਥੀਆਂ ਦੇ ਨਾਂ, ਪੈਸੇ ਦਾ ਲੈਣ ਦੇਣ, ਪ੍ਰੀਖਿਆ ਕੇਂਦਰਾਂ ਵਿੱਚ ਬਦਲਾਅ ਆਦਿ ਦਰਸ਼ਾਉਂਦਾ ਹੈ ਕਿ ਇਸ ਦਾ ਸਬੰਧ ਕਈ ਥਾਵਾਂ ਨਾਲ ਹੈ। ’ ਕਾਂਗਰਸ ਆਗੂ ਨੇ ਸੂਬਾ ਸਰਕਾਰ ਨੂੰ ਬੇਨਤੀ ਕੀਤੀ ‘ ਮਿਹਨਤ ਕਰਨ ਵਾਲੇ ਨੌਜਵਾਨਾਂ ਨਾਲ ਅਨਿਆਂ ਨਹੀਂ ਹੋਣਾ ਚਾਹੀਦਾ। ਸਰਕਾਰ ਜੇ ਨਿਆਂ ਨਹੀਂ ਕਰ ਸਕੀ ਤਾਂ ਇਸ ਦਾ ਜਵਾਬ ਅੰਦੋਲਨ ਰਾਹੀਂ ਦਿੱਤਾ ਜਾਵੇਗਾ। ’ ਕਾਬਿਲੇਗੌਰ ਹੈ ਕਿ ਇਲਾਹਾਬਾਦ ਹਾਈ ਕੋਰਟ ਨੇ 3 ਜੂਨ ਨੂੰ ਸੂਬੇ ਵਿੱਚ 69000 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ’ਤੇ ਰੋਕ ਲਗਾ ਦਿੱਤੀ ਸੀ। ਜਸਟਿਸ ਆਲੋਕ ਮਾਥੁਰ ਦੀ ਬੈਂਚ ਨੇ ਕਿਹਾ ਸੀ ਕਿ ਪ੍ਰੀਖਿਆ ਦੌਰਾਨ ਪੁੱਛੇ ਗਏ ਕੁਝ ਸਵਾਲ ਗਲਤ ਸਨ। ਲਿਹਾਜ਼ਾ ਯੂਜੀਸੀ ਵੱਲੋਂ ਇਸ ਦੀ ਮੁੜ ਪੜਤਾਲ ਕੀਤੀ ਜਾਣੀ ਚਾਹੀਦੀ ਹੈ।