ਪਟਨਾ: ਆਰਜੇਡੀ ਆਗੂ ਤੇਜਸਵੀ ਯਾਦਵ ਜਲਦੀ ਹੀ ਵਿਆਹ ਕਰਾਉਣ ਜਾ ਰਹੇ ਹਨ। ਪਾਰਟੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੇ ਛੋਟੇ ਪੁੱਤਰ ਦੇ ਵਿਆਹ ਦੀ ਖ਼ਬਰ ਸੁਣ ਕੇ ਰਾਸ਼ਟਰੀ ਜਨਤਾ ਦਲ ਦੇ ਆਗੂ ਤੇ ਵਰਕਰ ਕਾਫ਼ੀ ਖ਼ੁਸ਼ ਹਨ। ਯਾਦਵ (32) ਦੀ ਦਿੱਲੀ ਵਿਚ ਭਲਕੇ ਮੰਗਣੀ ਹੋਵੇਗੀ। ਦੁਲਹਨ ਬਾਰੇ ਅਜੇ ਤੱਕ ਭੇਤ ਬਣਿਆ ਹੋਇਆ ਹੈ ਤੇ ਆਰਜੇਡੀ ਆਗੂ ਦੇ ਪਰਿਵਾਰ ਦੇ ਸਾਰੇ ਮੈਂਬਰ ਇਸ ਵੇਲੇ ‘ਸਗਾਈ’ ਦੇ ਸਮਾਗਮ ਲਈ ਦਿੱਲੀ ਵਿਚ ਹਨ। ਪਾਰਟੀ ਦੇ ਵਿਧਾਇਕ ਤੇ ਮੁੱਖ ਬੁਲਾਰੇ ਭਾਈ ਵੀਰੇਂਦਰ ਨੇ ਕਿਹਾ ਕਿ ਸਾਰੇ ਬਹੁਤ ਖ਼ੁਸ਼ ਹਨ। ਲਾਲੂ-ਰਾਬੜੀ ਦੇ ਨੌਂ ਬੱਚਿਆਂ ਵਿਚੋਂ ਸਿਰਫ਼ ਤੇਜਸਵੀ ਦਾ ਹੀ ਵਿਆਹ ਹੋਣਾ ਬਾਕੀ ਸੀ। ਵਿਆਹ ਦੀ ਤਰੀਕ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ। ਪਰਿਵਾਰ ਦੇ ਸੂਤਰਾਂ ਮੁਤਾਬਕ ਤੇਜਸਵੀ ਦੇ ਕਹਿਣ ਉਤੇ ਸਮਾਗਮ ਜ਼ਿਆਦਾ ਵੱਡਾ ਨਹੀਂ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਤੇਜਸਵੀ ਸੂਬਾਈ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਨ। -ਪੀਟੀਆਈ