ਪਣਜੀ: ਬੰਬੇ ਹਾਈ ਕੋਰਟ ਦੀ ਗੋਆ ਬੈਂਚ ਨੇ 2013 ਦੇ ਜਬਰ-ਜਨਾਹ ਕੇਸ ’ਚ ਪੱਤਰਕਾਰ ਤਰੁਣ ਤੇਜਪਾਲ ਨੂੰ ਬਰੀ ਕਰਨ ਵਾਲੀ ਸੈਸ਼ਨ ਅਦਾਲਤ ਨੂੰ ਆਪਣੇ ਫ਼ੈਸਲੇ ’ਚ ਉਨ੍ਹਾਂ ਸਾਰੇ ਹਵਾਲਿਆਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ ਜਿਸ ਨਾਲ ਪੀੜਤਾ ਦੀ ਪਛਾਣ ਉਜਾਗਰ ਹੁੰਦੀ ਹੈ। ਹਾਈ ਕੋਰਟ ਨੇ ਅਦਾਲਤ ਦੀ ਵੈੱਬਸਾਈਟ ’ਤੇ ਫ਼ੈਸਲਾ ਅਪਲੋਡ ਕਰਨ ਤੋਂ ਪਹਿਲਾਂ ਇਨ੍ਹਾਂ ਹਵਾਲਿਆਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਐੱਸ ਸੀ ਗੁਪਤੇ ਦੀ ਵੈਕੇਸ਼ਨ ਬੈਂਚ ਵੱਲੋਂ ਗੋਆ ਸਰਕਾਰ ਦੀ ਉਸ ਅਪੀਲ ’ਤੇ ਸੁਣਵਾਈ ਕੀਤੀ ਜਾ ਰਹੀ ਹੈ ਜਿਸ ’ਚ ਤੇਜਪਾਲ ਨੂੰ ਬਰੀ ਕਰਨ ਦੇ ਸੈਸ਼ਨ ਜੱਜ ਸ਼ਮਾ ਜੋਸ਼ੀ ਦੇ 21 ਮਈ ਨੂੰ ਸੁਣਾਏ ਗਏ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ। ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਵੀਰਵਾਰ ਨੂੰ ਹਾਈ ਕੋਰਟ ਨੂੰ ਦੱਸਿਆ ਕਿ ਫ਼ੈਸਲੇ ’ਚ ਪੀੜਤਾ ਬਾਰੇ ਕੀਤੀਆਂ ਗਈਆਂ ਟਿੱਪਣੀਆਂ ‘ਹੈਰਾਨਕੁਨ’ ਹਨ। -ਪੀਟੀਆਈ