ਨਵੀਂ ਦਿੱਲੀ: ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਨੇ ਅੱਜ ਇੱਥੇ ਭਾਜਪਾ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਅਤੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ ਹੈ। ਸਵਾਮੀ ਨੇ ਦੱਸਿਆ ਕਿ ਉਨ੍ਹਾਂ ਨੇ ਆਰਥਿਕ ਸਥਿਤੀ ਅਤੇ ਵਿਸ਼ੇਸ਼ ਕਰਕੇ ਯੂਕਰੇਨ ’ਤੇ ਰੂਸ ਦੇ ਹਮਲੇ ਦੇ ਮੱਦੇਨਜ਼ਰ ਸੁਰੱਖਿਆ ਹਾਲਾਤ ’ਤੇ ਚਰਚਾ ਕੀਤੀ। ਰਾਜ ਸਭਾ ਮੈਂਬਰ, ਜਿਹੜੇ ਕਿ ਵੱਖ-ਵੱਖ ਮੁੱਦਿਆਂ ’ਤੇ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਰਹੇ ਹਨ, ਨੇ ਇਸ ਮੀਟਿੰਗ ਦੇ ਸਿਆਸੀ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਦੋਸਤ ਵੀ ਹਨ। ਉਨ੍ਹਾਂ ਨੇ ਹਾਲੀਆ ਸਮੇਂ ਦੌਰਾਨ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਦਿੱਲੀ ਦੌਰੇ ਦੌਰਾਨ ਉਨ੍ਹਾਂ ਨਾਲ ਵੀ ਮੁਲਾਕਾਤ ਕੀਤੀ ਸੀ। ਰਾਓ ਭਾਜਪਾ ਖ਼ਿਲਾਫ਼ ਗੱਠਜੋੜ ਲਈ ਵਿਰੋਧੀ ਨੇਤਾਵਾਂ ਨੂੰ ਮਿਲਣ ਲਈ ਦੇਸ਼ ਭਰ ਦਾ ਦੌਰਾ ਕਰ ਰਹੇ ਹਨ। -ਪੀਟੀਆਈ