ਹੈਦਰਾਬਾਦ, 26 ਅਕਤੂਬਰ
ਤਿਲੰਗਾਨਾ ਪੁਲੀਸ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਸਨੇ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ ਜੋ ਕਥਿਤ ਤੌਰ ‘ਤੇ ਸੱਤਾਧਾਰੀ ਟੀਆਰਐਸ ਦੇ ਚਾਰ ਵਿਧਾਇਕਾਂ ਨੂੰ ਪੈਸੇ ਤੇ ਵੱਡੇ ਲਾਲਚ ਦੇ ਕੇ ਪਾਰਟੀ ਛੱਡਣ ਲਈ ਉਕਸਾ ਰਹੇ ਸਨ। ਸਾਈਬਰਾਬਾਦ ਦੇ ਪੁਲੀਸ ਕਮਿਸ਼ਨਰ ਸਟੀਫਨ ਰਵਿੰਦਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟੀਆਰਐਸ ਵਿਧਾਇਕਾਂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਤਿੰਨ ਵਿਅਕਤੀ ਉਨ੍ਹਾਂ ਨੂੰ ਕਈ ਪੇਸ਼ਕਸ਼ਾਂ ਦੇ ਕੇ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲੀਸ ਅਧਿਕਾਰੀ ਨੇ ਕਿਹਾ ਕਿ ਟੀਆਰਐਸ ਦੇ ਚਾਰ ਵਿਧਾਇਕਾਂ – ਜੀ ਬਾਲਾਰਾਜੂ, ਬੀ ਹਰਸ਼ਵਰਧਨ ਰੈਡੀ, ਆਰ ਕਾਂਥਾ ਰਾਓ ਅਤੇ ਰੋਹਿਤ ਰੈੱਡੀ ਨੂੰ ਕਥਿਤ ਤੌਰ ‘ਤੇ ਪਾਰਟੀ ਬਦਲਣ ਲਈ ਪੈਸੇ, ਅਹੁਦੇ ਅਤੇ ਹੋਰ ਲਾਭ ਦੇਣ ਦੀ ਪੇਸ਼ਕਸ਼ ਕੀਤੀ ਗਈ। ਰਵਿੰਦਰ ਨੇ ਪੀਟੀਆਈ ਨੂੰ ਦੱਸਿਆ, “ਅਸੀਂ ਵੇਰਵਿਆਂ ਦੀ ਜਾਂਚ ਕਰ ਰਹੇ ਹਾਂ ਕਿ ਤਿੰਨੇ ਵਿਅਕਤੀ ਕਿਸ ਪਾਰਟੀ ਨਾਲ ਸਬੰਧਤ ਹਨ।’’ ਹਾਲਾਂਕਿ, ਸਰਕਾਰੀ ਵ੍ਹਿਪ ਬਾਲਕਾ ਸੁਮਨ ਨੇ ਦੋਸ਼ ਲਾਇਆ ਹੈ ਕਿ ਇਸ ਪਿੱਛੇ ਭਾਜਪਾ ਦਾ ਹੱਥ ਹੈ ਜੋ ਟੀਆਰਐਸ ਵਿਧਾਇਕਾਂ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਟਵਿੱਟਰ ‘ਤੇ ਕਿਹਾ, “ਇਹ ਇਕ ਵਾਰ ਮੁੜ ਸਾਬਤ ਹੋ ਗਿਆ ਹੈ ਕਿ ਟੀਆਰਐਸ ਪਾਰਟੀ ਦੇ ਵਿਧਾਇਕ ਕੇਸੀਆਰ ਦੇ ਸਿਪਾਹੀ ਤੇ ਤਿਲੰਗਾਨਾ ਦੇ ਆਤਮ ਸਨਮਾਨ ਦੇ ਨੁਮਾਇੰਦੇ ਹਨ।’’ -ਪੀਟੀਆਈ