ਨਵੀਂ ਦਿੱਲੀ: ਟੈਲੀਕਾਮ ਵਿਭਾਗ ਨੇ ਟਰਾਈ ਦੀਆਂ ਪੰਜ ਸਾਲ ਪਹਿਲਾਂ ਜਾਰੀ ਸਿਫ਼ਾਰਿਸ਼ਾਂ ’ਤੇ ਵੋਡਾਫੋਨ ਆਇਡੀਆ ਨੂੰ 2 ਹਜ਼ਾਰ ਕਰੋੜ ਅਤੇ ਭਾਰਤੀ ਏਅਰਟੈੱਲ ਨੂੰ 1,050 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ। ਸੂਤਰਾਂ ਮੁਤਾਬਕ ਟੈਲੀਕਾਮ ਵਿਭਾਗ ਨੇ ਦੋਵੇਂ ਕੰਪਨੀਆਂ ਨੂੰ ਜੁਰਮਾਨਾ ਅਦਾ ਲਈ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਭਾਰਤੀ ਏਅਰਟੈੱਲ ਦੇ ਤਰਜਮਾਨ ਨੇ ਇਸ ਫ਼ੈਸਲੇ ਨੂੰ ਪੱਖਪਾਤੀ ਅਤੇ ਗੈਰਵਾਜਬ ਕਰਾਰ ਦਿੱਤਾ ਹੈ। ਉਸ ਨੇ ਕਿਹਾ ਕਿ ਭਾਰਤੀ ਏਅਰਟੈੱਲ ਨੇ ਹਮੇਸ਼ਾ ਕਾਨੂੰਨ ਦਾ ਪਾਲਣ ਕੀਤਾ ਹੈ ਅਤੇ ਉਹ ਇਸ ਫ਼ੈਸਲੇ ਨੂੰ ਚੁਣੌਤੀ ਦੇਣਗੇ। ਵੋਡਾਫੋਨ ਆਇਡੀਆ ਤੋਂ ਫੌਰੀ ਕੋਈ ਪ੍ਰਤੀਕਰਮ ਨਹੀਂ ਮਿਲ ਸਕਿਆ ਹੈ। ਰਿਲਾਇੰਸ ਜੀਓ ਨੇ ਸ਼ਿਕਾਇਤ ਕੀਤੀ ਸੀ ਕਿ ਦੋਵੇਂ ਕੰਪਨੀਆਂ ਵੱਲੋਂ ਪੁਆਇੰਟਸ ਆਫ਼ ਇੰਟਰਫੇਸ ਦੇ ਢੁੱਕਵੇਂ ਨੰਬਰ ਜਾਰੀ ਨਾ ਕਰਨ ’ਤੇ ਉਸ ਦੇ ਨੈੱਟਵਰਕ ਦੀਆਂ 75 ਫ਼ੀਸਦ ਤੋਂ ਜ਼ਿਆਦਾ ਕਾਲਾਂ ਫੇਲ੍ਹ ਹੋ ਰਹੀਆਂ ਹਨ। ਡਿਜੀਟਲ ਕਮਿਊਨਿਕੇਸ਼ਨਜ਼ ਕਮਿਸ਼ਨ ਨੇ ਜੁਲਾਈ 2019 ’ਚ ਜੁਰਮਾਨੇ ਦੀ ਪ੍ਰਵਾਨਗੀ ਦਿੱਤੀ ਸੀ। -ਪੀਟੀਆਈ