ਉਦੈਪੁਰ, 28 ਜੂਨ
ਇੱਥੋਂ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਅੱਜ ਦਿਨ-ਦਿਹਾੜੇ ਇੱਕ ਦਰਜੀ ਦਾ ਕਤਲ ਕੀਤੇ ਜਾਣ ਮਗਰੋਂ ਦੋ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਇਸ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਰਾਜਸਥਾਨ ਦੇ ਇਸ ਸ਼ਹਿਰ ਵਿੱਚ ਤਣਾਅ ਪੈਦਾ ਹੋ ਗਿਆ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਉਦੈਪੁਰ ਦੇ ਸੱਤ ਥਾਣਿਆਂ ਅਧੀਨ ਆਉਂਦੇ ਖੇਤਰਾਂ ਵਿੱਚ ਰਾਤ ਅੱਠ ਵਜੇ ਤੋਂ ਕਰਫਿਊ ਲਾਉਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਮੁਲਜ਼ਮਾਂ ਨੇ ਵੀਡੀਓ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਸ ਕਤਲ ਨਾਲ ਇਸਲਾਮ ਦੇ ਅਪਮਾਨ ਦਾ ਬਦਲਾ ਲੈ ਲਿਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਧਮਕੀ ਦਿੱਤੀ। ਪੁਲੀਸ ਨੇ ਇਸ ਮਾਮਲੇ ਵਿੱਚ ਉਦੈਪੁਰ ਦੇ ਗੁਆਂਢੀ ਜ਼ਿਲ੍ਹੇ ਰਾਜਸਮੰਡ ਦੇ ਭੀਮ ਖੇਤਰ ਤੋਂ ਦੋ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲੀਸ ਨੇ ਦੱਸਿਆ ਕਿ ਪੀੜਤ ਦੀ ਪਛਾਣ ਕਨ੍ਹਈਆ ਲਾਲ ਵਜੋਂ ਹੋਈ ਹੈ। ਉਹ ਦਰਜੀ ਦਾ ਕੰਮ ਕਰਦਾ ਸੀ। ਉਧਰ, ਕੇਂਦਰ ਸਰਕਾਰ ਨੇ ਕਿਹਾ ਕਿ ਕੌਮੀ ਜਾਂਚ ਏਜੰਸੀ (ਐੱਨਆਈਏ) ਅਤਿਵਾਦੀ ਘਟਨਾ ਮੰਨ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। -ਏਜੰਸੀ