ਕੋਲਕਾਤਾ, 17 ਅਗਸਤ
ਪੱਛਮੀ ਬੰਗਾਲ ਦੇ ਜ਼ਿਲ੍ਹਾ ਬੀਰਭੂਮ ਵਿੱਚ ਸਥਿਤ ਵਿਸ਼ਵ ਭਾਰਤੀ ਕੈਂਪਸ ਵਿੱਚ ਅੱਜ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਪੌਸ਼ ਮੇਲਾ ਮੈਦਾਨ ਵਿਚ ਚਾਰਦੀਵਾਰੀ ਬਣਾਉਣ ਦਾ ਵਿਰੋਧ ਕਰ ਰਹੇ ਵੱਡੀ ਗਿਣਤੀ ਲੋਕਾਂ ਨੇ ਯੂਨੀਵਰਸਿਟੀ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ।
ਸੂਤਰਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ‘ਪੌਸ਼ ਮੇਲਾ’ ਗਰਾਊਂਡ ਦੁਆਲੇ ਚਾਰਦੀਵਾਰੀ ਬਣਾਉਣ ਦਾ ਫ਼ੈਸਲਾ ਲਿਆ ਸੀ ਅਤੇ ਇਸ ਦਾ ਕੰਮ ਸਵੇਰ ਤੋਂ ਹੀ ਸ਼ੁਰੂ ਹੋ ਗਿਆ ਸੀ। ਕਰੀਬ 4000 ਲੋਕ ਸ਼ਾਂਤੀਨਿਕੇਤਨ ਵਿੱਚ ਕੈਂਪਸ ਦੇ ਕੋਲ ਇਕੱਤਰ ਹੋਏ ਅਤੇ ਅੰਦਰ ਦਾਖ਼ਲ ਹੋ ਕੇ ਉਨ੍ਹਾਂ ਕੁਝ ਸੰਪਤੀ ਦਾ ਨੁਕਸਾਨ ਕੀਤਾ। ਇਸ ਦੌਰਾਨ ਉਨ੍ਹਾਂ ਇਕ ਜੇਸੀਬੀ ਮਸ਼ੀਨ ਨਾਲ ਯੂਨੀਵਰਸਿਟੀ ਦਾ ਗੇਟ ਵੀ ਢਾਹ ਦਿੱਤਾ।
ਸੂਤਰਾਂ ਅਨੁਸਾਰ ਜਿਸ ਵੇਲੇ ਇਹ ਭੰਨਤੋੜ ਚੱਲ ਰਹੀ ਸੀ ਤਾਂ ਮੌਕੇ ’ਤੇ ਦੁਬਰਾਜਪੁਰ ਤੋਂ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਨਰੇਸ਼ ਬਾਉਰੀ ਮੌਜੂਦ ਸਨ। ਇਸ ਘਟਨਾ ਤੋਂ ਬਾਅਦ ਚਾਰਦੀਵਾਰੀ ਬਣਾਉਣ ਦਾ ਕੰਮ ਰੋਕ ਦਿੱਤਾ ਗਿਆ। ਮੇਲਾ ਗਰਾਊਂਡ ਦੁਆਲੇ ਇਹ ਚਾਰਦੀਵਾਰੀ ਇਸ ਲਈ ਬਣਾਈ ਜਾ ਰਹੀ ਸੀ ਤਾਂ ਜੋ ਬਾਹਰਲੇ ਲੋਕ ਯੂਨੀਵਰਸਿਟੀ ਕੈਂਪਸ ’ਚ ਦਾਖ਼ਲ ਨਾ ਹੋ ਸਕਣ।
ਉੱਧਰ, ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਸ ਸਬੰਧੀ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿਤਾ ਹੈ।
-ਪੀਟੀਆਈ
ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਮੇਲਾ ਗਰਾਊਂਡ ’ਤੇ ਕੋਈ ਨਿਰਮਾਣ ਕਾਰਜ ਨਹੀਂ ਚਾਹੁੰਦੀ: ਮਮਤਾ
ਕੋਲਕਾਤਾ: ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਪੌਸ ਮੇਲਾ ਗਰਾਊਂਡ ਵਿੱਚ ਚਾਰਦੀਵਾਰੀ ਬਣਾਉਣ ਨੂੰ ਲੈ ਕੇ ਹੋਏ ਵਿਵਾਦ ਵਿਚਾਲੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਉੱਥੇ ਕੋਈ ਨਿਰਮਾਣ ਕਾਰਜ ਨਹੀਂ ਚਾਹੁੰਦੇ ਹਨ। ਉਨ੍ਹਾਂ ਪੁਲੀਸ ਨੂੰ ਇਸ ਸਬੰਧ ਵਿੱਚ ਸਾਰੇ ਭਾਈਵਾਲਾਂ ਨਾਲ ਮੀਟਿੰਗ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਸ ਸਬੰਧੀ ਰਾਜਪਾਲ ਨਾਲ ਗੱਲ ਹੋਈ ਹੈ ਅਤੇ ਉਨ੍ਹਾਂ ਨੇ ਰਾਜਪਾਲ ਨੂੰ ਦੱਸ ਦਿੱਤਾ ਸੀ ਕਿ ਇਸ ਮਾਮਲੇ ’ਚ ਰਾਜ ਸਰਕਾਰ ਦੀ ਭੂਮਿਕਾ ਸੀਮਿਤ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਨੂੰ ਦੱਸ ਦਿੱਤਾ ਹੈ ਕਿ ਉਹ ਇੱਥੇ ਕੋਈ ਨਿਰਮਾਣ ਨਹੀਂ ਚਾਹੁੰਦੇ ਹਨ।
-ਪੀਟੀਆਈ