ਟ੍ਰਿਬਿਊਨ ਨਿਊਜ਼ ਸਰਵਿਸ
ਹੈਦਰਾਬਾਦ, 16 ਨਵੰਬਰ
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ ਕੋਵਿਡ-19 ਦੀ ਕਿਫਾਇਤੀ ਤੇ ਸਸਤੀ ਵੈਕਸੀਨ ਤਿਆਰ ਕਰਨ ਵਿੱਚ ਮਦਦ ਕਰਨ ਦੇ ਨਾਲ ਸਾਰਿਆਂ ਦੀ ਉਸ ਤੱਕ ਰਸਾਈ ਨੂੰ ਯਕੀਨੀ ਬਣਾਏਗਾ। ਉਨ੍ਹਾਂ ਕਿਹਾ, ‘ਭਾਰਤ ਇਸ ਵੱਡੇ ਸੰਕਟ ਲਈ ਤਿਆਰ ਨਹੀਂ ਸੀ, ਪਰ ਅਸੀਂ ਜਿਸ ਤਰੀਕੇ ਨਾਲ ਇਸ ਦਾ ਟਾਕਰਾ ਕੀਤਾ ਹੈ ਉਸ ਨਾਲ ਭਵਿੱਖ ਵਿੱਚ ਸਾਡੇ ਸਾਰਿਆਂ ਦਾ ਵਿਸ਼ਵਾਸ ਵਧੇਗਾ।’
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕਿਹਾ ਕਿ ਕੁੱਲ ਆਲਮ ਕੌਮਾਂਤਰੀ ਦਹਿਸ਼ਤਗਰਦੀ ਦੀ ਆਲਮੀ ਤਬੀਅਤ ਤੋਂ ਜਾਣੂ ਹੈ ਤੇ ਇਹ ਭਾਰਤ, ਜਿਸ ਨੂੰ ਖ਼ੁਦ ਇਹ ਅਲਾਮਤ ਦਰਪੇਸ਼ ਹੈ, ਵੱਲੋਂ ਸਰਹੱਦ ਪਾਰੋਂ ਹੁੰਦੀ ਦਹਿਸ਼ਤਗਰਦੀ ’ਤੇ ਚਾਨਣਾ ਪਾਉਣ ਲਈ ਕੀਤੇ ਅਣਥੱਕ ਯਤਨਾਂ ਦਾ ਸਿੱਟਾ ਹੈ। ਜੈਸ਼ੰਕਰ ਨੇ ਪਾਕਿਸਤਾਨ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਭਾਰਤ ਦਾ ਇਕ ਗੁਆਂਢੀ ਸਰਹੱਦ ਪਾਰੋਂ ਸਰਕਾਰੀ ਸਰਪ੍ਰਸਤੀ ਵਾਲੀ ਦਹਿਸ਼ਤੀ ਸਰਗਰਮੀਆਂ ’ਚ ਸ਼ਾਮਲ ਹੈ। ਜੈਸ਼ੰਕਰ ਨੇ ਕਿਹਾ ਕਿ 9/11 ਹਮਲਿਆਂ ਮਗਰੋਂ ਅਤਿਵਾਦ ‘ਮੇਰੀ ਸਮੱਸਿਆ ਨਹੀਂ’ ਵਾਲੇ ਯੁੱਗ ਦਾ ਭੋਗ ਪੈ ਗਿਆ ਸੀ, ਪਰ ਅਜੇ ਵੀ ਇਸ ਪਾਸੇ ਕੌਮਾਂਤਰੀ ਪੱਧਰ ’ਤੇ ਮਿਲ ਕੇ ਸੁਹਿਰਦ ਯਤਨਾਂ ਦੀ ਲੋੜ ਹੈ। ਵਿਦੇਸ਼ ਮੰਤਰੀ ਇਥੇ ਇੰਡੀਅਨ ਸਕੂਲ ਆਫ਼ ਬਿਜ਼ਨਸ ਵੱਲੋਂ ਵਿਉਂਤੇ ਸਮਾਗਮ ਨੂੰ ਵਰਚੁਅਲੀ ਸੰਬੋਧਨ ਕਰ ਰਹੇ ਸਨ