ਨਵੀਂ ਦਿੱਲੀ, 28 ਅਕਤੂਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ’ਚ ਅਤਿਵਾਦ ਫੈਲਣ ਦਾ ਇਕ ਵੱਡਾ ਕਾਰਨ ਕਈ ਦਹਾਕਿਆਂ ਤੱਕ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਘਾਟ ਸੀ। ਉਨ੍ਹਾਂ ਕਿਹਾ ਕਿ ਅੰਦਰੂਨੀ ਗੜਬੜੀਆਂ ਕਾਰਨ ਸੈਲਾਨੀਆਂ ਦੀ ਆਮਦ ’ਚ ਗਿਰਾਵਟ ਆਈ ਜਿਸ ਦਾ ਅਸਰ ਲੱਦਾਖ ਦੇ ਨਾਲ ਨਾਲ ਪੂਰੇ ਮੁਲਕ ’ਤੇ ਪਿਆ। ਉਨ੍ਹਾਂ ਅੱਜ ਸਰਹੱਦੀ ਇਲਾਕਿਆਂ ’ਚ ਪੁਲ, ਸੜਕਾਂ ਅਤੇ ਹੈਲੀਪੈਡ ਸਮੇਤ 75 ਨਵੇਂ ਪ੍ਰਾਜੈਕਟਾਂ ਦਾ ਆਗਾਜ਼ ਕੀਤਾ। ਰਾਜਨਾਥ ਨੇ ਪੂਰਬੀ ਲੱਦਾਖ ਦੇ ਦਾਰਬੁਕ-ਸ਼ਿਓਕ-ਦੌਲਤ ਬੇਗ ਓਲਡੀ ਮਾਰਗ ’ਤੇ ਹੋਏ ਸਮਾਗਮ ਦੌਰਾਨ ਛੇ ਸਰਹੱਦੀ ਸੂਬਿਆਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਫੈਲੇ 2180 ਕਰੋੜ ਰੁਪਏ ਲਾਗਤ ਦੇ ਪ੍ਰਾਜੈਕਟ ਸਮਰਪਿਤ ਕੀਤੇ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਰਾਜਨਾਥ ਨੇ 14 ਹਜ਼ਾਰ ਫੁੱਟ ਦੀ ਉਚਾਈ ’ਤੇ ਦਾਰਬੁਕ-ਸ਼ਿਓਕ-ਦੌਲਤ ਬੇਗ ਓਲਡੀ ਮਾਰਗ ’ਤੇ 120 ਮੀਟਰ ਲੰਬੇ ‘ਕਲਾਸ-70 ਸ਼ਿਓਕ ਸੇਤੂ’ ਦਾ ਆਗਾਜ਼ ਕੀਤਾ। ਉਨ੍ਹਾਂ ਪੂਰਬੀ ਲੱਦਾਖ ’ਚ ਹਾਨਲੇ ਅਤੇ ਠਾਕੁੰਗ ’ਚ ਦੋ ਹੈਲੀਪੈਡ ਦਾ ਵਰਚੁਅਲੀ ਉਦਘਾਟਨ ਵੀ ਕੀਤਾ। ਇਹ ਹੈਲੀਪੈਡ ਬਣਨ ਨਾਲ ਖ਼ਿੱਤੇ ’ਚ ਭਾਰਤੀ ਹਵਾਈ ਫ਼ੌਜ ਦੀ ਤਾਕਤ ਵਧੇਗੀ। ਇਹ ਪ੍ਰਾਜੈਕਟ ਜੰਮੂ ਕਸ਼ਮੀਰ ’ਚ 20, ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ’ਚ 18-18, ਉੱਤਰਾਖੰਡ ’ਚ 5 ਅਤੇ 14 ਹੋਰ ਸਿੱਕਿਮ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ’ਚ ਹਨ। ਇਸ ਮੌਕੇ ਆਪਣੇ ਸੰਬੋਧਨ ’ਚ ਰੱਖਿਆ ਮੰਤਰੀ ਨੇ ਦੇਸ਼ ਦੀਆਂ ਸੁਰੱਖਿਆ ਲੋੜਾਂ ਪੂਰੀਆਂ ਕਰਨ ਲਈ ਦੂਰ-ਦੁਰਾਡੇ ਦੇ ਇਲਾਕਿਆਂ ਦੀ ਤਰੱਕੀ ਯਕੀਨੀ ਬਣਾਉਣ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੁਹਰਾਈ। ਰਾਜਨਾਥ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਫ਼ੌਜੀਆਂ ਦੀ ਬਹਾਦਰੀ ਕਰਕੇ ਉੱਤਰੀ ਸੈਕਟਰ ’ਚ ਪੈਦਾ ਹੋਏ ਹਾਲਾਤ ਨਾਲ ਨਜਿੱਠਣ ’ਚ ਸਹਾਇਤਾ ਮਿਲੀ। ਉਨ੍ਹਾਂ ਦਾ ਇਸ਼ਾਰਾ ਪੂਰਬੀ ਲੱਦਾਖ ’ਚ ਚੀਨੀ ਫ਼ੌਜ ਵੱਲੋਂ ਅਪਣਾਏ ਗਏ ਹਮਲਾਵਰ ਰੁਖ਼ ਦਾ ਭਾਰਤੀ ਫ਼ੌਜ ਵੱਲੋਂ ਦਿੱਤੇ ਗਏ ਜਵਾਬ ਵੱਲ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਖ਼ਿੱਤੇ ’ਚ ਸ਼ਾਂਤੀ ਅਤੇ ਤਰੱਕੀ ਦੇਖਣ ਨੂੰ ਮਿਲ ਰਹੀ ਹੈ। -ਪੀਟੀਆਈ