ਚੇਨਾਨੀ/ਊਧਮਪੁਰ, 26 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਅਤਿਵਾਦ ਲਈ ਤਿੰਨ ਵੰਸ਼ਵਾਦੀ ਪਾਰਟੀਆਂ ਜ਼ਿੰਮੇਵਾਰ ਹਨ, ਜਿਸ ਨੂੰ ਭਾਜਪਾ ਨੇ ਦਫ਼ਨਾ ਦਿੱਤਾ ਹੈ ਅਤੇ ਹੁਣ ਕਿਸੇ ਵੀ ਕੀਮਤ ’ਤੇ ਵਾਪਸ ਨਹੀਂ ਆਉਣ ਦਿੱਤਾ ਜਾਵੇਗਾ। ਭਾਜਪਾ ਦੇ ਸ਼ਾਸਨ ਵਿੱਚ ਜੰਮੂ ਕਸ਼ਮੀਰ ਨੂੰ ਅਤਿਵਾਦ ਮੁਕਤ ਬਣਾਉਣ ਦਾ ਵਾਅਦਾ ਕਰਦਿਆਂ ਸ਼ਾਹ ਨੇ ਦੋਸ਼ ਲਾਇਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਦੀ ਸਰਕਾਰ ਸੱਤਾ ਵਿੱਚ ਆਉਣ ’ਤੇ ਪਾਕਿਸਤਾਨ ਦੇ ਏਜੰਡੇ ਨੂੰ ਲਾਗੂ ਕਰੇਗੀ। ਚੇਨਾਨੀ ਅਤੇ ਉੂਧਮਪੁਰ ਵਿੱਚ ਭਾਜਪਾ ਉਮੀਦਵਾਰਾਂ ਦੇ ਸਮਰਥਨ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਧਾਰਾ 370 ਰੱਦ ਕਰਨ ਮਗਰੋਂ ਹੋਣ ਵਾਲੀਆਂ ਚੋਣਾਂ ’ਤੇ ਦੁਨੀਆ ਭਰ ਦੀ ਨਜ਼ਰਾਂ ਹਨ। ਮੌਸਮ ਵਿਗੜਨ ਕਾਰਨ ਗ੍ਰਹਿ ਮੰਤਰੀ ਦਾ ਹੈਲੀਕਾਪਟਰ ਚੇਨਾਨੀ ’ਚ ਨਹੀਂ ਉੱਤਰ ਸਕਿਆ। ਉਹ ਪਹਿਲਾਂ ਊਧਮਪੁਰ ਗਏ, ਜਿੱਥੋਂ ਸੜਕੀ ਮਾਰਗ ਰਾਹੀਂ ਚੇਨਾਨੀ ਪੁੱਜੇ। ਗ੍ਰਹਿ ਮੰਤਰੀ ਨੇ ਕਿਹਾ ਕਿ ਜੋ ਕੋਈ ਵੀ ਜੰਮੂ ਕਸ਼ਮੀਰ ਵਿੱਚ ਦਹਿਸ਼ਤ ਫੈਲਾਉਂਦਾ ਹੈ, ਉਸ ਦਾ ਜਵਾਬ ਫਾਂਸੀ ਦੇ ਤਖ਼ਤੇ ’ਤੇ ਮਿਲੇਗਾ। ਸ਼ਾਹ ਨੇ ਕਿਹਾ, ‘ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ (ਸੰਸਦ ’ਤੇ ਹਮਲੇ ਦੇ ਦੋਸ਼ੀ) ਅਫ਼ਜ਼ਲ ਗੁਰੂ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ? ਐੱਨਸੀ ਅਤੇ ਕਾਂਗਰਸ ਹੁਣ ਕਹਿ ਰਹੇ ਹਨ ਕਿ ਉਸ ਨੂੰ ਫਾਂਸੀ ਨਹੀਂ ਦਿੱਤੀ ਜਾਣੀ ਚਾਹੀਦੀ।’’ ਉਨ੍ਹਾਂ ਊਧਮਪੁਰ ਜ਼ਿਲ੍ਹੇ ਦੇ ਚੇਨਾਨੀ ਵਿੱਚ ਇੱਕ ਰੈਲੀ ਦੌਰਾਨ ਕਿਹਾ, ‘‘ਉਹ ਪੱਥਰਬਾਜ਼ਾਂ ਅਤੇ ਅਤਿਵਾਦੀਆਂ ਨੂੰ ਰਿਹਾਅ ਕਰਨਾ ਚਾਹੁੰਦੇ ਹਨ। ਉਮਰ ਅਬਦੁੱਲਾ ਨੇ ਇਹ ਸੁਫ਼ਨਾ ਦੇਖਣਾ ਛੱਡ ਦਿੱਤਾ ਹੈ ਕਿਉਂਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ। ਇਹ ਅਦਾਲਤਾਂ ਦਾ ਕੰਮ ਹੈ ਅਤੇ ਅਸੀਂ ਅਜਿਹੇ ਕਾਨੂੰਨ ਲਾਗੂ ਕੀਤੇ ਹਨ ਕਿ ਹੁਣ ਕੋਈ ਵੀ ਪੱਥਰ ਸੁੱਟਣ ਦੀ ਹਿੰਮਤ ਨਹੀਂ ਕਰੇਗਾ।’’ ਉਨ੍ਹਾਂ ਭਰੋਸਾ ਦਿੱਤਾ ਕਿ ਜੰਮੂ ਕਸ਼ਮੀਰ ’ਚ ਸੂਬੇ ਦਾ ਦਰਜਾ ਬਹਾਲ ਕੀਤਾ ਜਾਵੇਗਾ। -ਪੀਟੀਆਈ
ਅਤਿਵਾਦੀਆਂ ਨੂੰ ਹਥਿਆਰ ਸੁੱਟਣ ਦੀ ਅਪੀਲ
ਬਾਨੀ/ਜਸਰੋਟੀਆ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਬਾਨੀ ਅਤੇ ਜਸਰੋਟੀਆ ’ਚ ਭਾਜਪਾ ਦੀਆਂ ਚੋਣ ਪ੍ਰਚਾਰ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਰਗਰਮ ਅਤਿਵਾਦੀਆਂ ਨੂੰ ਹਥਿਆਰ ਛੱਡ ਕੇ ਸਰਕਾਰ ਨਾਲ ਗੱਲਬਾਤ ਲਈ ਅੱਗੇ ਆਉਣ ਜਾਂ ਸੁਰੱਖਿਆ ਬਲਾਂ ਹੱਥੋਂ ਖ਼ਤਮ ਹੋਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਜੰਮੂ ਕਸ਼ਮੀਰ ’ਤੇ ਅਤਿਵਾਦ ਦਾ ਪਰਛਾਵਾਂ ਨਹੀਂ ਪੈਣ ਦੇਵੇਗੀ।