ਨਵੀਂ ਦਿੱਲੀ: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੰਗਲਵਾਰ ਨੂੰ ਰਾਜ ਸਭਾ ਵਿੱਚ ਕੀਤੀ ਹੁੱਲੜਬਾਜ਼ੀ ਨੂੰ 26 ਜਨਵਰੀ ਨੂੰ ਲਾਲ ਕਿਲੇ ਵਿੱਚ ਕੀਤੀ ਭੰਨ-ਤੋੜ ਨਾਲ ਮੇਲਿਆ ਹੈ। ਉਨ੍ਹਾਂ ਕਿਹਾ ਕਿ ਸਦਨ ਦੀ ਚੇਅਰ ਵੱਲ ਫਾਈਲ ਸੁੱਟਣਾ ‘ਸ਼ਰਮਨਾਕ’ ਘਟਨਾ ਸੀ। ਉਨ੍ਹਾਂ ਦੋਵਾਂ ਸਦਨਾਂ ਦੀ ਕਾਰਵਾਈ ਵਿੱਚ ਪਾਏ ਅੜਿੱਕੇ ਲਈ ਕਾਂਗਰਸ ਤੇ ਹੋਰਨਾਂ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਜਿਨ੍ਹਾਂ ਨੂੰ ਲੋਕਾਂ ਨੇ ਆਪਣੇ ਮੁੱਦੇ ਰੱਖਣ ਲਈ ਸੰਸਦ ਵਿੱਚ ਭੇਜਿਆ, ਉਹੀ ਸਦਨ ਵਿੱਚ ਹੁੱਲੜਬਾਜ਼ੀ ਕਰ ਰਹੇ ਹਨ। ਬਾਜਵਾ ਮੰਗਲਵਾਰ ਨੂੰ ਸਦਨ ਦੇ ਐਨ ਵਿਚਾਲੇ ਪਏ ਮੇਜ਼ ’ਤੇ ਚੜ੍ਹ ਕੇ ਰਾਜ ਸਭਾ ਦੀ ਚੇਅਰ ਵੱਲ ਸਰਕਾਰੀ ਫਾਈਲ ਸੁੱਟਦੇ ਵੇਖੇ ਗਏ ਸਨ। ਠਾਕੁਰ ਨੇ ਕਿਹਾ, ‘‘ਮੇਜ਼ ’ਤੇ ਚੜ੍ਹ ਕੇ ਚੇਅਰ ਵੱਲ ਫਾਈਲ ਸੁੱਟਣਾ ਸ਼ਰਮਨਾਕ ਘਟਨਾ ਸੀ। ਜੇਕਰ ਕੋਈ ਅਜਿਹਾ ਕਰਕੇ ਮਾਣ ਮਹਿਸੂਸ ਕਰਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ 26 ਜਨਵਰੀ ਦੀਆਂ ਸ਼ਰਮਨਾਕ ਘਟਨਾਵਾਂ ਦਾ ਦੁਹਰਾਅ ਹੈ।’ ਕਾਬਿਲੇਗੌਰ ਹੈ ਕਿ ਬਾਜਵਾ ਨੇ ਲੰਘੇ ਦਿਨ ਕਿਹਾ ਸੀ ਕਿ ਉਨ੍ਹਾਂ ਨੂੰ ਰਾਜ ਸਭਾ ਵਿੱਚ ਕੀਤੀ ਹੁੱਲੜਬਾਜ਼ੀ ’ਤੇ ਕੋਈ ਅਫ਼ਸੋਸ ਨਹੀਂ ਹੈ ਤੇ ਉਹ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਕਿਸੇ ਵੀ ਕਾਰਵਾਈ ਲਈ ਤਿਆਰ ਹਨ। ਬਾਜਵਾ ਨੇ ਕਿਹਾ, ‘‘ਮੈਨੂੰ ਕੋਈ ਅਫਸੋਸ ਨਹੀਂ ਹੈ। ਜੇਕਰ ਸਰਕਾਰ ਨੇ ਤਿੰਨ ਕਾਲੇ ਖੇਤੀ ਕਾਨੂੰਨਾਂ ’ਤੇ ਚਰਚਾ ਲਈ ਸਾਨੂੰ ਕੋਈ ਮੌਕਾ ਨਾ ਦਿੱਤਾ ਤਾਂ ਮੈਂ 100 ਵਾਰ ਅਜਿਹਾ ਕਰਾਂਗਾ।’’ -ਪੀਟੀਆਈ