ਸ਼ਿਮਲਾ, 1 ਅਗਸਤ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਕ ਉਦਹਾਰਨ ਪੇਸ਼ ਕਰਦਿਆਂ ਆਪਣਾ ਨਵਾਂ 16 ਸੀਟਾਂ ਵਾਲਾ ਹੈਲੀਕਾਪਟਰ ਹਿਮਾਲਿਆ ਦੀਆਂ ਚੋਟੀਆਂ ’ਤੇ ਫਸੇ ਕਰੀਬ 66 ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੇ ਕੰਮ ’ਤੇ ਲਗਾ ਦਿੱਤਾ ਹੈ। ਕਈ ਦਿਨਾਂ ਬਾਅਦ ਐਤਵਾਰ ਨੂੰ ਮੌਸਮ ਸਾਫ਼ ਹੋਣ ਕਾਰਨ ਸ੍ਰੀ ਠਾਕੁਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਦੇ ਹੈਲੀਕਾਪਟਰ ਦੀ ਪਹਿਲੀ ਉਡਾਣ ਚੋਟੀਆਂ ’ਤੇ ਫਸੇ ਸੈਲਾਨੀਆਂ ਤੇ ਹੋਰ ਲੋਕਾਂ ਨੂੰ ਕੱਢਣ ਲਈ ਭਰੀ ਜਾਵੇ। ਜ਼ਿਕਰਯੋਗ ਹੈ ਕਿ ਲਾਹੌਲ-ਸਪਿੱਤੀ ਜ਼ਿਲ੍ਹੇ ਵਿਚ ਬੀਤੇ ਦਿਨੀਂ ਅਚਾਨਕ ਆਏ ਹੜ੍ਹਾਂ ਕਾਰਨ ਪਿਛਲੇ ਪੰਜ ਦਿਨਾਂ ਤੋਂ ਸੜਕਾਂ ਬੰਦ ਪਈਆਂ ਹਨ ਜਿਸ ਕਾਰਨ ਇਹ ਲੋਕ ਵੱਖ-ਵੱਖ ਥਾਵਾਂ ’ਤੇ ਫਸੇ ਹੋਏ ਹਨ। ਦਿਨ ਭਰ ਦੇ ਆਪਣੇ ਚਾਰ ਗੇੜਿਆਂ ਵਿਚ ਇਹ ਹੈਲੀਕਾਪਟਰ ਫਸੇ ਹੋਏ ਲੋਕਾਂ ਨੂੰ ਟਾਂਡੀ ਤੋਂ ਕੱਢ ਕੇ ਬੜਿੰਗ ਤੇ ਕੁੱਲੂ ਪਹੁੰਚਾਏਗਾ ਜਿੱਥੋਂ ਉਨ੍ਹਾਂ ਨੂੰ ਸੜਕ ਰਾਹੀਂ ਸਰਕਾਰੀ ਟਰਾਂਸਪੋਰਟ ਵਿਚ ਉਨ੍ਹਾਂ ਦੇ ਟਿਕਾਣਿਆਂ ’ਤੇ ਭੇਜਿਆ ਜਾਵੇਗਾ। ਅਸਲ ਵਿਚ ਸ਼ਨਿਚਰਵਾਰ ਨੂੰ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਲਾਹੌਲ-ਸਪਿੱਤੀ ਦੇ ਜ਼ਿਲ੍ਹਾ ਹੈੱਡਕੁਆਰਟਰ ਪਹੁੰਚੇ ਸ੍ਰੀ ਠਾਕੁਰ ਨੇ ਅੱਜ ਵਾਪਸ ਰਾਜਧਾਨੀ ਸ਼ਿਮਲਾ ਜਾਣ ਲਈ ਆਪਣੇ ਪੁਰਾਣੇ ਹੈਲੀਕਾਪਟਰ ਵਿਚ ਹੀ ਸਫ਼ਰ ਕਰਨ ਦਾ ਫ਼ੈਸਲਾ ਲਿਆ ਤਾਂ ਜੋ ਨਵੇਂ ਹੈਲੀਕਾਪਟਰ ਨੂੰ ਵੱਖ-ਵੱਖ ਥਾਵਾਂ ’ਤੇ ਫਸੇ ਲੋਕਾਂ ਨੂੰ ਕੱਢਣ ਦੇ ਕੰਮ ’ਤੇ ਲਗਾਇਆ ਜਾ ਸਕੇ। -ਆਈਏਐੱਨਐੱਸ