ਨਵੀਂ ਦਿੱਲੀ, 19 ਅਗਸਤ
ਕਾਂਗਰਸ ਦੇ ਸੰਸਦ ਮੈਂਬਰ ਅਤੇ ਸੂਚਨਾ ਤਕਨਾਲੋਜੀ ਬਾਰੇ ਪਾਰਲੀਮਾਨੀ ਕਮੇਟੀ ਦੇ ਮੁਖੀ ਸ਼ਸ਼ੀ ਥਰੂਰ ਨੇ ਭਾਜਪਾ ਦੇ ਲੋਕ ਸਭਾ ਮੈਂਬਰ ਨਿਸ਼ੀਕਾਂਤ ਦੂਬੇ ਖਿਲਾਫ਼ ਮਰਿਆਦਾ ਭੰਗ ਕਰਨ ਦਾ ਨੋਟਿਸ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਦੂਬੇ ਨੇ ਫੇਸਬੁੱਕ ਕਾਂਡ ਨੂੰ ਲੈ ਕੇ ਕਮੇਟੀ ਦੀ ਬੈਠਕ ਸੱਦਣ ਦੇ ਉਨ੍ਹਾਂ ਦੇ ਫ਼ੈਸਲੇ ’ਤੇ ਸੋਸ਼ਲ ਮੀਡੀਆ ’ਚ ‘ਅਪਮਾਨਜਨਕ ਟਿੱਪਣੀ’ ਕੀਤੀ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਲਿਖੇ ਪੱਤਰ ’ਚ ਥਰੂਰ ਨੇ ਦੂਬੇ ਵੱਲੋਂ ਟਵਿਟਰ ’ਤੇ ਕੀਤੀ ਗਈ ਉਸ ਟਿੱਪਣੀ ’ਤੇ ਇਤਰਾਜ਼ ਜਤਾਇਆ ਹੈ ਜਿਸ ’ਚ ਭਾਜਪਾ ਦੇ ਸੰਸਦ ਮੈਂਬਰ ਨੇ ਕਿਹਾ ਸੀ ਕਿ ‘ਸਥਾਈ ਕਮੇਟੀ ਦੇ ਮੁਖੀ ਕੋਲ ਇਸ ਦੇ ਮੈਂਬਰਾਂ ਨਾਲ ਏਜੰਡੇ ਬਾਰੇ ਵਿਚਾਰ ਵਟਾਂਦਰਾ ਕੀਤੇ ਬਿਨਾਂ ਕੁਝ ਕਰਨ ਦਾ ਅਧਿਕਾਰ ਨਹੀਂ’ ਹੈ। ਜ਼ਿਕਰਯੋਗ ਹੈ ਕਿ ਥਰੂਰ ਨੇ ਫੇਸਬੁੱਕ ਨਾਲ ਜੁੜੇ ਵਿਵਾਦ ’ਤੇ ਐਤਵਾਰ ਨੂੰ ਕਿਹਾ ਸੀ ਕਿ ਸੂਚਨਾ ਤਕਨਾਲੋਜੀ ਮਾਮਲਿਆਂ ਬਾਰੇ ਸਥਾਈ ਕਮੇਟੀ ਇਸ ਸੋਸ਼ਲ ਮੀਡੀਆ ਕੰਪਨੀ ਤੋਂ ਜਵਾਬ ਮੰਗੇਗੀ। ਸਪੀਕਰ ਨੂੰ ਲਿਖੇ ਪੱਤਰ ’ਚ ਥਰੂਰ ਨੇ ਕਿਹਾ,‘‘ਨਿਸ਼ੀਕਾਂਤ ਦੂਬੇ ਦੀ ਅਪਮਾਨਜਨਕ ਟਿੱਪਣੀ ਨਾਲ ਨਾ ਸਿਰਫ਼ ਮੇਰਾ ਅਨਾਦਰ ਹੋਇਆ ਹੈ ਸਗੋਂ ਉਸ ਸੰਸਥਾ ਦਾ ਵੀ ਅਪਮਾਨ ਹੋਇਆ ਹੈ ਜੋ ਸਾਡੇ ਦੇਸ਼ ਦੇ ਲੋਕਾਂ ਦੀਆਂ ਖਾਹਿਸ਼ਾਂ ਦਾ ਆਈਨਾ ਹੈ।’’ ਉਨ੍ਹਾਂ ਸ੍ਰੀ ਬਿਰਲਾ ਨੂੰ ਕਿਹਾ ਹੈ ਕਿ ਦੂਬੇ ਖਿਲਾਫ਼ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣ। ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ ਕਿ ਉਹ ਇਸ ਮਾਮਲੇ ’ਚ ਸਖ਼ਤ ਕਾਰਵਾਈ ਦੀ ਉਮੀਦ ਕਰਦੇ ਹਨ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ। -ਪੀਟੀਆਈ