ਜੰਮੂ, 15 ਜੁਲਾਈ
ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਲਈ 5461 ਸ਼ਰਧਾਲੂਆਂ ਦਾ 16ਵਾਂ ਜਥਾ ਅੱਜ ਸਵੇਰੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਕਸ਼ਮੀਰ ਵਿਚਲੇ ਪਹਿਲਗਾਮ ਤੇ ਬਾਲਟਾਲ ’ਚ ਬਣੇ ਕੈਂਪਾਂ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਅਮਰਨਾਥ ਗੁਫਾ ਨੇੜੇ ਅੱਠ ਜੁਲਾਈ ਨੂੰ ਬੱਦਲ ਫਟਣ ਕਾਰਨ ਇਹ ਯਾਤਰਾ ਰੋਕ ਦਿੱਤੀ ਗਈ ਸੀ ਅਤੇ ਸੋਮਵਾਰ ਨੂੰ ਇਹ ਯਾਤਰਾ ਬਹਾਲ ਕੀਤੀ ਗਈ ਹੈ। ਇਸ ਹਾਦਸੇ ’ਚ ਘੱਟੋ ਘੱਟ 15 ਜਣਿਆਂ ਦੀ ਮੌਤ ਹੋ ਗਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਸੀਆਰਪੀਐੱਫ ਦੀ ਸਖਤ ਸੁਰੱਖਿਆ ਵਿਚਾਲੇ 220 ਵਾਹਨਾਂ ’ਚ ਕੁੱਲ 5461 ਸ਼ਰਧਾਲੂ ਇੱਥੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਰਵਾਨਾ ਹੋਏ। ਉਨ੍ਹਾਂ ਦੱਸਿਆ ਕਿ ਬਾਲਟਾਲ ਬੇਸ ਕੈਂਪ ਲਈ ਜਾਣ ਵਾਲੇ 1975 ਸ਼ਰਧਾਲੂ 86 ਵਾਹਨਾਂ ’ਚ ਤੜਕੇ ਸਾਢੇ ਤਿੰਨ ਵਜੇ ਸਭ ਤੋਂ ਪਹਿਲਾਂ ਰਵਾਨਾ ਹੋਏ। ਇਸ ਤੋਂ ਬਾਅਦ ਪਹਿਲਗਾਮ ਕੈਂਪ ਲਈ 3486 ਸ਼ਰਧਾਲੂਆਂ ਨੂੰ ਲੈ ਕੇ 134 ਵਾਹਨਾਂ ਦਾ ਦੂਜਾ ਕਾਫ਼ਲਾ ਸਵੇਰੇ 4.25 ਵਜੇ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 1.52 ਲੱਖ ਤੋਂ ਵੱਧ ਸ਼ਰਧਾਲੂ ਪਵਿੱਤਰ ਗੁਫ਼ਾ ’ਚ ਬਰਫ਼ ਨਾਲ ਬਣੇ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ। ਅਮਰਨਾਥ ਯਾਤਰਾ 11 ਅਗਸਤ ਨੂੰ ਰੱਖੜੀ ਮੌਕੇ ਸੰਪੂਰਨ ਹੋਵੇਗੀ। ਉਨ੍ਹਾਂ ਦੱਸਿਆ ਕਿ ਕਸ਼ਮੀਰ ’ਚ ਨੁਨਵਾਨ-ਚੰਦਨਵਾੜੀ ਮਾਰਗ ’ਤੇ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ ਖੱਡ ’ਚ ਡਿੱਗਣ ਕਾਰਨ ਦੋ ਕੁਲੀਆਂ ਦੀ ਜਾਨ ਚਲੀ ਗਈ। -ਪੀਟੀਆਈ