ਟ੍ਰਿਬਿਊਨ ਵੈਬ ਡੈਸਕ
ਚੰਡੀਗੜ੍ਹ, 3 ਅਪਰੈਲ
ਰਾਜਸਥਾਨ ਦੇ ਜੈਸਲਮੇਰ ਵਿਚ 82 ਸਾਲਾ ਬਜ਼ੁਰਗ ਨੂੰ ਆਪਣਾ ਪਹਿਲਾ ਪਿਆਰ 50 ਸਾਲਾਂ ਬਾਅਦ ਮਿਲਿਆ ਜਿਸ ਕਾਰਨ ਇਹ ਬਜ਼ੁਰਗ ਖੁਸ਼ੀ ਵਿਚ ਖੀਵਾ ਹੋ ਰਿਹਾ ਹੈ। ਇਸ ਬਜ਼ੁਰਗ ਨੇ ਇਹ ਕਹਾਣੀ ਮੁੰਬਈ ਦੇ ਲੋਕਾਂ ਨਾਲ ਸਾਂਝੀ ਕੀਤੀ ਜਿਨ੍ਹਾਂ ਉਸ ਦੀ ਪੋਸਟ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਪੋਸਟ ਅਨੁਸਾਰ ਉਹ 30 ਸਾਲਾਂ ਦਾ ਸੀ ਜਦੋਂ ਉਹ ਪਹਿਲੀ ਵਾਰ ਆਸਟਰੇਲੀਆ ਤੋਂ ਜੈਸਲਮੇਰ ਆਈ ਮੈਰੀਨਾ ਨੂੰ ਮਿਲਿਆ। ਉਹ ਊਠ ਦੀ ਸਵਾਰੀ ਕਰਨ ਆਈ ਸੀ ਤੇ ਪੰਜ ਦਿਨ ਉਥੇ ਰਹੀ, ਉਸ ਨੇ ਮੈਰੀਨਾ ਨੂੰ ਊਠ ਦੀ ਸਵਾਰੀ ਕਰਨੀ ਸਿਖਾਈ। ਉਸ ਨੇ ਦੱਸਿਆ ਕਿ ਉਨ੍ਹਾਂ ਦਿਨਾਂ ਵਿਚ ਪਹਿਲੀ ਨਜ਼ਰ ਵਿਚ ਪਿਆਰ ਹੋ ਜਾਂਦਾ ਸੀ। ਆਸਟਰੇਲੀਆ ਜਾਣ ਵੇਲੇ ਮੈਰੀਨਾ ਨੇ ਉਸ ਨੇ ‘ਆਈ ਲਵ ਯੂ’ ਕਿਹਾ ਪਰ ਉਹ ਉਸ ਵੇਲੇ ਸੁੰਨ ਹੋ ਗਿਆ ਤੇ ਕੁਝ ਵੀ ਬੋਲ ਨਹੀਂ ਸਕਿਆ ਪਰ ਮੈਰੀਨਾ ਸਮਝ ਗਈ ਕਿ ਉਹ ਸ਼ਰਮਾਕਲ ਹੋਣ ਕਾਰਨ ਬੋਲ ਨਹੀਂ ਰਿਹਾ। ਇਸ ਤੋਂ ਬਾਅਦ ਮੈਰੀਨਾ ਨੇ ਉਸ ਨੂੰ ਆਸਟਰੇਲੀਆ ਆਉਣ ਲਈ ਸੱਦਾ ਭੇਜਿਆ। ਰਾਜਸਥਾਨ ਦੇ ਗੇਟਕੀਪਰ ਨੇ ਆਪਣੇ ਪਰਿਵਾਰ ਨੂੰ ਦੱਸੇ ਬਿਨਾਂ 30 ਹਜ਼ਾਰ ਦਾ ਕਰਜ਼ ਲਿਆ ਤੇ ਆਸਟਰੇਲੀਆ ਜਾਣ ਲਈ ਪ੍ਰਬੰਧ ਕੀਤੇ। ਉਹ ਤਿੰਨ ਮਹੀਨੇ ਮੈਰੀਨਾ ਨਾਲ ਰਿਹਾ। ਮੈਰੀਨਾ ਨੇ ਉਸ ਨੂੰ ਅੰਗਰੇਜ਼ੀ ਸਿਖਾਈ। ਮੈਰੀਨਾ ਨੇ ਉਸ ਨੂੰ ਆਸਟਰੇਲੀਆ ਹੀ ਰਹਿਣ ਲਈ ਕਿਹਾ ਪਰ ਜਨਮ ਭੂਮੀ ਨਾਲ ਪਿਆਰ ਤੇ ਪਰਿਵਾਰਕ ਮਜਬੂਰੀਆਂ ਕਾਰਨ ਉਹ ਉਥੇ ਨਹੀਂ ਰਹਿ ਸਕਿਆ ਤੇ ਨਾ ਹੀ ਮੈਰੀਨਾ ਭਾਰਤ ਵਿਚ ਰਹਿਣ ਲਈ ਰਾਜ਼ੀ ਹੋਈ। ਇਸ ਤੋਂ ਬਾਅਦ ਉਸ ਦਾ ਵਿਆਹ ਹੋ ਗਿਆ ਤੇ ਉਹ ਕੁਲਧਾਰਾ ਵਿਚ ਗੇਟਕੀਪਰ ਦੀ ਨੌਕਰੀ ਕਰਨ ਲੱਗਿਆ।
ਉਸ ਦੀ ਦੋ ਸਾਲ ਪਹਿਲਾਂ ਘਰਵਾਲੀ ਗੁਜ਼ਰ ਗਈ ਤੇ ਉਸ ਦੇ ਬੱਚੇ ਉਸ ਤੋਂ ਵੱਖ ਰਹਿਣ ਲੱਗ ਪਏ ਤੇ ਇਕ ਮਹੀਨਾ ਪਹਿਲਾਂ ਮੈਰੀਨਾ ਨੇ ਉਸ ਨੂੰ ਲੱਭ ਲਿਆ ਤੇ ਪੱਤਰ ਲਿਖ ਕੇ ਹਾਲ ਪੁੱਛਿਆ। ਇਸ ਤੋਂ ਬਾਅਦ ਉਸ ਦੀ ਜ਼ਿੰਦਗੀ ਬਦਲ ਗਈ ਤੇ ਉਹ ਆਪਣੇ ਆਪ ਨੂੰ 21 ਸਾਲ ਦਾ ਜਵਾਨ ਮਹਿਸੂਸ ਕਰਨ ਲੱਗਾ, ਮੈਰੀਨਾ ਨੇ ਦੱਸਿਆ ਕਿ ਉਸ ਨੇ ਹਾਲੇ ਤਕ ਵਿਆਹ ਨਹੀਂ ਕਰਵਾਇਆ ਤੇ ਉਹ ਉਸ ਨੂੰ ਮਿਲਣ ਜਲਦੀ ਭਾਰਤ ਆਵੇਗੀ ਤੇ ਉਹ ਉਸ ਨਾਲ ਰੋਜ਼ਾਨਾ ਗੱਲਾਂ ਕਰਦੀ ਹੈ।