* ਨੌਜਵਾਨਾਂ ਨੂੰ ਆਨਲਾਈਨ ਭਰਮਾ ਕੇ ਗਰੋਹ ’ਚ ਸ਼ਾਮਲ ਕਰਨ ਦੀ ਸਾਜ਼ਿਸ਼ ਪੰਜਾਬ ਪੁਲੀਸ ਵੱਲੋਂ ਬੇਨਕਾਬ
* ਪੰਜਾਬ ਪੁਲੀਸ ਅੱਲ੍ਹੜ ਨੌਜਵਾਨਾਂ ਤੱਕ ਪਹੁੰਚ ਬਣਾ ਕੇ ਕਰ ਰਹੀ ਹੈ ਜਾਗਰੂਕ
ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 9 ਨਵੰਬਰ
ਨੌਜਵਾਨਾਂ ਖਾਸ ਕਰਕੇ ਅੱਲ੍ਹੜਾਂ ਨੂੰ ਅਪਰਾਧ ਦੀ ਦੁਨੀਆ ’ਚ ਸ਼ਾਮਲ ਕਰਨ ਲਈ ਸੋਸ਼ਲ ਮੀਡੀਆ ’ਤੇ ਬਣਾਏ ਗਰੁੱਪ ‘302 ਸ਼ੂਟਰਜ਼’ ਨੂੰ ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਗੁਰਦਾਸਪੁਰ ਪੁਲੀਸ ਨੇ ਬੰਦ ਕਰ ਦਿੱਤਾ ਹੈ। ‘ਦਿ ਟ੍ਰਿਬਿਊਨ’ ਦੇ ਕ੍ਰਾਈਮ ਸ਼ੋਅ ‘ਅੰਡਰ ਇਨਵੈਸਟੀਗੇਸ਼ਨ’ ’ਚ ਗੁਰਦਾਸਪੁਰ ਦੇ ਐੱਸਐੱਸਪੀ ਹਰੀਸ਼ ਦਯਾਮਾ ਨੇ ਇਸ ਦਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਕਿਹਾ, ‘‘ਇਹ ਅੱਲ੍ਹੜ ਕੋਈ ਅਪਰਾਧੀ ਨਹੀਂ ਹਨ ਪਰ ਇੰਝ ਜਾਪਦਾ ਹੈ ਕਿ ਉਹ ਟੌਹਰ ਮਾਰਨ ਵਾਸਤੇ ਗਰੁੱਪ ਨਾਲ ਜੁੜੇ ਹੋਏ ਸਨ।’’ ਇਸ ਗਰੁੱਪ ਦੇ ਕਰੀਬ 1200 ਮੈਂਬਰ ਸਨ, ਜਿਨ੍ਹਾਂ ’ਚੋਂ ਜ਼ਿਆਦਾਤਰ ਮਾਝਾ ਖ਼ਿੱਤੇ ਦੇ ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਤੋਂ ਹਨ। ਪੁਲੀਸ ਨੇ ਗਰੁੱਪ ਦੇ ਇਨ੍ਹਾਂ ਮੈਂਬਰਾਂ ਤੱਕ ਪਹੁੰਚ ਬਣਾ ਕੇ ਉਨ੍ਹਾਂ ਨੂੰ ਖ਼ਤਰਨਾਕ ਰਾਹ ’ਤੇ ਪੈਣ ਦੇ ਮਾੜੇ ਨਤੀਜਿਆਂ ਬਾਰੇ ਜਾਗਰੂਕ ਕੀਤਾ। ਪੁਲੀਸ ਗੈਂਗਸਟਰਾਂ ਦੇ ਫੇਸਬੁੱਕ/ਇੰਸਟਾਗ੍ਰਾਮ ਅਤੇ ‘ਐਕਸ’ ’ਤੇ ਕਰੀਬ 250 ਪੇਜ ਬੰਦ ਕਰਨ ’ਚ ਕਾਮਯਾਬ ਰਹੀ। ਗੈਂਗਸਟਰਾਂ ਨੇ ਆਈਪੀਸੀ ਦੀ ਧਾਰਾ 302 (ਹੱਤਿਆ), ਜਿਸ ਨੂੰ ਭਾਰਤੀ ਨਿਆ ਸੰਹਿਤਾ ਦੀ ਧਾਰਾ 103 ’ਚ ਬਦਲ ਦਿੱਤਾ ਗਿਆ ਹੈ, ਦੇ ਨਾਮ ’ਤੇ ਵੈੱਬਪੇਜ ਬਣਾਇਆ ਹੋਇਆ ਸੀ। ਕਾਊਂਟਰ ਇੰਟੈਲੀਜੈਂਸ ਵਿੰਗ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਆਧੁਨਿਕ ਦੁਨੀਆ ’ਚ ਪੁਲੀਸ ਨੂੰ ਸੋਸ਼ਲ ਮੀਡੀਆ ’ਤੇ ਵੀ ਨਜ਼ਰ ਰੱਖਣ ਦੀ ਲੋੜ ਹੈ। ਪੁਲੀਸ ਵੱਲੋਂ ਸਮੇਂ ਸਮੇਂ ’ਤੇ ਸੋਸ਼ਲ ਮੀਡੀਆ ’ਤੇ ਕੀਤੀ ਜਾਂਦੀ ਨਿਗਰਾਨੀ ਦੌਰਾਨ ਅਜਿਹੇ ਗਰੁੱਪਾਂ ਅਤੇ ਗੈਂਗਸਟਰਾਂ ਦੇ ਪੇਜ ਨਜ਼ਰ ’ਚ ਆ ਜਾਂਦੇ ਹਨ ਜਿਸ ਮਗਰੋਂ ਤੁਰੰਤ ਇਹਤਿਆਤੀ ਕਦਮ ਚੁੱਕੇ ਜਾਂਦੇ ਹਨ।’’ ਉਨ੍ਹਾਂ ਕਿਹਾ ਕਿ ਗੈਂਗਸਟਰ ਨਵੇਂ ਮੈਂਬਰਾਂ ਨੂੰ ਭਰਮਾ ਕੇ ਉਨ੍ਹਾਂ ਨੂੰ ਸੁਨੇਹੇ ਭੇਜਣ, ਇਲਾਕੇ ਦੀ ਨਿਸ਼ਾਨਦੇਹੀ ਅਤੇ ਹਮਲਿਆਂ ’ਚ ਸਿੱਧੇ ਜਾਂ ਅਸਿੱਧੇ ਤੌਰ ’ਤੇ ਵਰਤਦੇ ਹਨ। ਅਧਿਕਾਰੀ ਨੇ ਕਿਹਾ ਕਿ ਉਹ ਅਜਿਹੇ ਮੈਂਬਰਾਂ ਦੀ ਕਾਊਂਸਲਿੰਗ ਕਰਕੇ ਉਨ੍ਹਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਗੈਂਗਸਟਰ ਅਤੇ ਅਪਰਾਧੀ ਕੋਈ ਨਾਇਕ (ਹੀਰੋ) ਨਹੀਂ ਹਨ। ਉਨ੍ਹਾਂ ਨੂੰ ਅਪਰਾਧੀਆਂ ਦੀ ਹਕੀਕਤ ਦਿਖਾਈ ਜਾਂਦੀ ਹੈ ਅਤੇ ਦੱਸਿਆ ਜਾਂਦਾ ਹੈ ਕਿ ਉਹ ਕਿਵੇਂ ਆਪਣੀ ਜਾਨ ਵੀ ਜੋਖਮ ’ਚ ਪਾ ਰਹੇ ਹਨ। ਐੱਸਐੱਸਪੀ ਦਯਾਮਾ ਨੇ ਕਿਹਾ ਕਿ ਪੁਲੀਸ ਗੈਂਗਸਟਰਾਂ ਦੀ ਪਛਾਣ ਸਾਂਝੀ ਨਹੀਂ ਕਰ ਸਕਦੀ ਹੈ ਕਿਉਂਕਿ ਨੌਜਵਾਨ ਅਕਸਰ ਅਜਿਹੇ ਅਪਰਾਧੀਆਂ ਦੇ ਕਾਰਨਾਮਿਆਂ ਨੂੰ ਵਡਿਆਉਂਦੇ ਹਨ।
ਗੈਂਗਸਟਰ ਦੇ ਵਿਦੇਸ਼ ਭੱਜਣ ਦਾ ਸ਼ੱਕ
ਪੁਲੀਸ ਨੇ ਗੈਂਗਸਟਰ ਦੇ ਗਰੋਹ ਨੂੰ ਬੇਨਕਾਬ ਕਰ ਦਿੱਤਾ ਸੀ, ਜਿਸ ਮਗਰੋਂ ਕਰੀਬ ਅੱਠ ਮਹੀਨੇ ਪਹਿਲਾਂ ਉਹ ਗੁਰਦਾਸਪੁਰ ਤੋਂ ਭੱਜ ਗਿਆ ਸੀ। ਉਸ ਦੇ ਜਾਅਲੀ ਦਸਤਾਵੇਜ਼ਾਂ ’ਤੇ ਵਿਦੇਸ਼ ਭੱਜਣ ਦਾ ਸ਼ੱਕ ਹੈ। ਕਾਊਂਟਰ ਇੰਟੈਲੀਜੈਂਸ ਵਿੰਗ ਦੇ ਅਧਿਕਾਰੀਆਂ ਨੇ ਕਿਹਾ ਕਿ ਇੰਟਰਨੈੱਟ ’ਤੇ ਗੈਂਗਸਟਰਾਂ ਅਤੇ ਅਪਰਾਧੀਆਂ ਦੇ ਸੋਹਲੇ ਗਾਉਣ ਦਾ ਇਹ ਨਵਾਂ ਰੁਝਾਨ ਸੁਰੱਖਿਆ ਬਲਾਂ ਲਈ ਅਜਿਹੇ ਗਰੁੱਪਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਬੰਦ ਕਰਨ ਦੀ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਅਪਰਾਧੀਆਂ ’ਤੇ ਸੋਸ਼ਲ ਮੀਡੀਆ ਉਪਰ ਵੀ ਪੂਰੀ ਸਖ਼ਤੀ ਨਾਲ ਨਜ਼ਰ ਰੱਖਣੀ ਪਵੇਗੀ।