ਨਵੀਂ ਦਿੱਲੀ, 3 ਮਈ
ਭਾਰਤੀ ਹਵਾਈ ਸੈਨਾ ਦਾ ਇੱਕ ਢੋਆ-ਢੁਆਈ ਵਾਲਾ ਜਹਾਜ਼ ਅੱਜ ਜਰਮਨੀ ਦੇ ਫ਼ਰੈਕਫਰਟ ਤੋਂ ਚਾਰ ਖਾਲੀ ਕ੍ਰਾਇਓਜੈਨਿਕ ਆਕਸੀਜਨ ਕੰਟੇਨਰ ਲਿਆਇਆ ਹੈ। ਇੱਕ ਅਧਿਕਾਰਤ ਬਿਆਨ ’ਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਅਧਿਕਾਰੀ ਨੇ ਦੱਸਿਆ ਕਿ ਸੀ-17 ਜਹਾਜ਼ ਕੌਮੀ ਰਾਜਧਾਨੀ ਨੇੜੇ ਹਿੰਡਨ ਹਵਾਈ ਸੈਨਾ ਦੇ ਅੱਡੇ ’ਤੇ ਉੱਤਰਿਆ। ਭਾਰਤੀ ਹਵਾਈ ਸੈਨਾ ਦੇ ਬਿਆਨ ਅਨੁਸਾਰ, ‘ਜਹਾਜ਼ ਨੇ ਚਾਰ ਖਾਲੀ ਕ੍ਰਾਇਓਜੈਨਿਕ ਆਕਸੀਜਨ ਕੰਟੇਨਰ ਲੈ ਕੇ ਫਰੈਂਕਫਰਟ ਦੇ ਹਾਨ ਹਵਾਈ ਅੱਡੇ ਤੋਂ ਤਿੰਨ ਮਈ ਨੂੰ ਹਿੰਡਨ ਉੱਤਰਨ ਲਈ ਉਡਾਨ ਭਰੀ ਸੀ।’ ਇਸੇ ਦੌਰਾਨ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ (ਡਾਇਲ) ਨੇ ਅੱਜ ਦੱਸਿਆ ਕਿ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਪਿਛਲੇ ਪੰਜ ਦਿਨਾਂ ’ਚ 25 ਉਡਾਣਾਂ 300 ਟਨ ਕੋਵਿਡ-19 ਰਾਹਤ ਸਮੱਗਰੀ ਲੈ ਕੇ ਪਹੁੰਚੀਆਂ ਹਨ। ਡਾਇਲ ਨੇ ਦੱਸਿਆ ਕਿ ਹਵਾਈ ਅੱਡੇ ਨੇ ਰਾਹਤ ਸਮੱਗਰੀ ਰੱਖਣ ਲਈ 3500 ਵਰਗ ਮੀਟਰ ’ਚ ਇੱਕ ਗੁਦਾਮ ਬਣਾਇਆ ਹੈ। ਬਿਆਨ ਅਨੁਸਾਰ 28 ਅਪਰੈਲ ਤੋਂ 2 ਮਈ ਤੱਕ ਕਰੀਬ 25 ਉਡਾਣਾਂ ਦਿੱਲੀ ਹਵਾਈ ਅੱਡੇ ’ਤੇ ਪਹੁੰਚੀਆਂ ਜਿਨ੍ਹਾਂ ’ਚ ਕਰੀਬ 300 ਟਨ ਸਾਮਾਨ ਸੀ। ਇਹ ਉਡਾਣਾਂ ਅਮਰੀਕਾ, ਬਰਤਾਨੀਆ, ਯੂਏਈ, ਉਜ਼ਬੇਕਿਸਤਾਨ, ਥਾਈਲੈਂਡ, ਜਰਮਨੀ, ਕਤਰ, ਹਾਂਗਕਾਂਗ ਤੇ ਚੀਨ ਵਰਗੇ ਮੁਲਕਾਂ ਤੋਂ ਆਈਆਂ ਸਨ। ਇਨ੍ਹਾਂ ਉਡਾਣਾਂ ’ਚ 5500 ਆਕਸੀਜਨ ਯੂਨਿਟ, 3200 ਆਕਸੀਜਨ ਸਿਲੰਡਰ, 9.28 ਲੱਖ ਤੋਂ ਵੱਧ ਮਾਸਕ, 1.36 ਲੱਖ ਰੈਮਡੇਸਿਵਿਰ ਟੀਕੇ ਸਨ। ਜ਼ਿਕਰਯੋਗ ਹੈ ਕਿ ਕਰੋਨਾਵਾਇਰਸ ਦੀ ਦੂਜੀ ਲਹਿਰ ਕਾਰਨ ਭਾਰਤ ’ਚ ਹਾਲਾਤ ਗੰਭੀਰ ਹੋ ਚੁੱਕੇ ਹਨ। -ਪੀਟੀਆਈ
ਇਟਲੀ ਨੇ ਮਾਹਿਰਾਂ ਦੀ ਟੀਮ ਤੇ ਕੋਵਿਡ ਰਾਹਤ ਸਮੱਗਰੀ ਭੇਜੀ
ਨਵੀਂ ਦਿੱਲੀ: ਕਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਹੇ ਭਾਰਤ ਦੀ ਮਦਦ ਲਈ ਇਟਲੀ ਨੇ ਅੱਜ ਮਾਹਿਰਾਂ ਦੀ ਇੱਕ ਟੀਮ, ਆਕਸੀਜਨ ਉਤਪਾਦਨ ਯੂਨਿਟ ਤੇ 20 ਵੈਂਟੀਲੇਟਰ ਭੇਜੇ ਹਨ। ਇਤਾਲਵੀ ਹਵਾਈ ਸੈਨਾ ਦਾ ਇੱਕ ਸੀ-130 ਜਹਾਜ਼ ਉਪਕਰਨ ਤੇ ਮਾਹਿਰਾਂ ਦੀ ਟੀਮ ਨਾਲ ਦਿੱਲੀ ਉੱਤਰਿਆ। ਇਤਾਲਵੀ ਦੂਤਾਵਾਸ ਨੇ ਕਿਹਾ ਕਿ ਟੀਮ ’ਚ ਪਿਡਮਾਂਟ ਖੇਤਰ ਦੇ ਮੈਕਸੀਮਗ੍ਰੇਂਜਾ ਸਮੂਹ ਦੇ ਲੋਕ, ਲੋਂਬਾਰਡੀ ਖੇਤਰ ਤੋਂ ਇੱਕ ਮੈਡੀਕਲ ਤੇ ਸਿਹਤ ਮੰਤਰਾਲੇ ਦੇ ਪ੍ਰਤੀਨਿਧ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇੱਕ ਪੂਰੇ ਹਸਪਤਾਲ ਨੂੰ ਆਕਸੀਜਨ ਦੀ ਸਪਲਾਈ ਕਰਨ ਦੇ ਸਮਰੱਥ ਆਕਸੀਜਨ ਉਤਪਾਦਨ ਪਲਾਂਟ ਗ੍ਰੇਟਰ ਨੋਇਡਾ ਦੇ ਆਈਟੀਬੀਪੀ ਹਸਪਤਾਲ ’ਚ ਲਾਇਆ ਜਾਵੇਗਾ। ਭਾਰਤ ’ਚ ਇਟਲੀ ਦੇ ਰਾਜਦੂਤ ਵਿਨਸੇਂਜ਼ੋ ਡੀ ਲੁਕਾ ਨੇ ਹਵਾਈ ਅੱਡੇ ’ਤੇ ਭਾਰਤ ’ਚ ਯੋਰਪੀ ਯੂਨੀਅਨ ਦੇ ਰਾਜਦੂਤ ਯੂਗੋ ਅਸਤੁਤੋ ਨਾਲ ਇਸ ਮੈਡੀਕਲ ਵਫ਼ਦ ਦਾ ਸਵਾਗਤ ਕੀਤਾ। ਡੀ ਲੁਕਾ ਨੇ ਕਿਹਾ, ‘ਕਰੋਨਾਵਾਇਰਸ ਖ਼ਿਲਾਫ਼ ਜੰਗ ’ਚ ਇਟਲੀ ਭਾਰਤ ਦੇ ਨਾਲ ਹੈ। ਇਹ ਇੱਕ ਆਲਮੀ ਚੁਣੌਤੀ ਹੈ ਜਿਸ ਨਾਲ ਸਾਨੂੰ ਸਾਰਿਆਂ ਨੂੰ ਮਿਲ ਕੇ ਲੜਨਾ ਪੈਣਾ ਹੈ। ਇਟਲੀ ਵੱਲੋਂ ਮੁਹੱਈਆ ਕਰਵਾਏ ਗਈ ਮੈਡੀਕਲ ਟੀਮ ਤੇ ਉਪਕਰਨ ਇਸ ਗੰਭੀਰ ਹਾਲਾਤ ’ਚ ਭਾਰਤ ’ਚ ਜ਼ਿੰਦਗੀਆਂ ਬਚਾਉਣ ’ਚ ਯੋਗਦਾਨ ਦੇਣਗੇ।’ -ਪੀਟੀਆਈ