ਨਵੀਂ ਦਿੱਲੀ, 3 ਅਕਤੂਬਰ
ਦੇਸ਼ ਵਿੱਚ ਬਣੇ ਹਲਕੇ ਲੜਾਕੂ ਹੈਲੀਕਾਪਟਰ (ਐੱਲਸੀਐੱਚ) ਦੀ ਪਹਿਲੀ ਫਲੀਟ ਰਾਜਸਥਾਨ ਦੇ ਜੋਧਪੁਰ ਵਿੱਚ ਸਮਾਗਮ ਦੌਰਾਨ ਭਾਰਤੀ ਹਵਾਈ ਫੌਜ ਵਿੱਚ ਰਸਮੀ ਤੌਰ ’ਤੇ ਸ਼ਾਮਲ ਕੀਤੀ ਗਈ ਹੈ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਮੌਜੂਦ ਸਨ। ਇਨ੍ਹਾਂ ਹਲਕੇ ਲੜਾਕੂ ਹੈਲੀਕਾਪਟਰਾਂ (ਐਲਸੀਐੱਚ) ਨਾਲ ਹਵਾਈ ਸੈਨਾ ਦੀ ਤਾਕਤ ਹੋਰ ਵਧੇਗੀ ਕਿਉਂਕਿ ਇਹ ਬਹੁ-ਉਦੇਸ਼ੀ ਹੈਲੀਕਾਪਟਰ ਕਈ ਤਰ੍ਹਾਂ ਦੀਆਂ ਮਿਜ਼ਾਈਲਾਂ ਦਾਗਣ ਅਤੇ ਹਥਿਆਰਾਂ ਦੀ ਵਰਤੋਂ ਕਰਨ ਦੇ ਸਮਰੱਥ ਹੈ। ਐੱਲਸੀਐੱਚ ਨੂੰ ਸਰਕਾਰੀ ਮਾਲਕੀ ਵਾਲੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚਏਐੱਲ) ਵੱਲੋਂ ਵਿਕਸਤ ਕੀਤਾ ਗਿਆ ਹੈ ਅਤੇ ਇਸ ਨੂੰ ਖਾਸਕਰ ਉਚਾਈ ਵਾਲਿਆਂ ਇਲਾਕਿਆਂ ਵਿੱਚ ਤਾਇਨਾਤ ਕਰਨ ਲਈ ਤਿਆਰ ਕੀਤਾ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਵਿੱਚ ਕਿਹਾ, ‘‘ਨਵੇਂ ਹੈਲੀਕਾਪਟਰ ਨੂੰ ਸ਼ਾਮਲ ਕਰਨ ਨਾਲ ਭਾਰਤੀ ਹਵਾਈ ਸੈਨਾ ਦੀ ਲੜਾਕੂ ਸਮਰੱਥਾ ਵਿੱਚ ਵਾਧਾ ਹੋਵੇਗਾ।’’ ਅਧਿਕਾਰੀਆਂ ਨੇ ਦੱਸਿਆ ਕਿ 5.8 ਟਨ ਅਤੇ ਦੋਹਰੇ ਇੰਜਣ ਵਾਲੇ ਹੈਲੀਕਾਪਟਰ ਤੋਂ ਪਹਿਲਾਂ ਹੀ ਕਈ ਹਥਿਆਰਾਂ ਦੀ ਵਰਤੋਂ ਲਈ ਪਰਖ ਕੀਤੀ ਜਾ ਚੁੱਕੀ ਹੈ।