ਬੈਰੂਤ, 1 ਜਨਵਰੀ
ਅਮਰੀਕੀ ਫੌਜ ਨੇ ਕਿਹਾ ਕਿ ਉਸ ਨੇ ਲਾਲ ਸਾਗਰ ਵਿਚ ਮਾਲਵਾਹਕ ਜਹਾਜ਼ ‘ਤੇ ਹਮਲੇ ਤੋਂ ਬਾਅਦ ਹੂਤੀ ਬਾਗੀਆਂ ‘ਤੇ ਗੋਲੀਬਾਰੀ ਕੀਤੀ, ਜਿਸ ਵਿਚ ਉਸ ਦੇ ਕਈ ਲੜਾਕੇ ਮਾਰੇ ਗਏ। ਗਾਜ਼ਾ ਵਿੱਚ ਜੰਗ ਤੋਂ ਬਾਅਦ ਸਮੁੰਦਰੀ ਟਕਰਾਅ ਵੀ ਵਧ ਰਿਹਾ ਹੈ। ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਕਿਹਾ, ‘ਅਸੀਂ ਸਵੈ-ਰੱਖਿਆ ‘ਚ ਕਾਰਵਾਈ ਕਰ ਰਹੇ ਹਾਂ।’ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਯੂਐੱਸਐੱਸ ਗ੍ਰੇਵਲੀ ਜੰਗੀ ਬੇੜੇ ਦੇ ਚਾਲਕ ਦਲ ਨੇ ਪਹਿਲਾਂ ਸ਼ਨਿਚਰਵਾਰ ਦੇਰ ਰਾਤ ਸਿੰਗਾਪੁਰ ਦੇ ਝੰਡੇ ਵਾਲੇ ਜਹਾਜ਼ ‘ਤੇ ਹਮਲਾ ਕਰਨ ਵਾਲੀਆਂ ਦੋ ਐਂਟੀ-ਸ਼ਿਪ ਬੈਲਿਸਟਿਕ ਮਿਜ਼ਾਈਲਾਂ ਨੂੰ ਡੇਗਿਆ। ਸਿੰਗਾਪੁਰ ਦੇ ਜਹਾਜ਼ ‘ਤੇ ਦੱਖਣੀ ਲਾਲ ਸਾਗਰ ‘ਚ ਹਮਲਾ ਕੀਤਾ ਗਿਆ। ਅਮਰੀਕੀ ਜਲ ਸੈਨਾ ਨੇ ਦੱਸਿਆ ਕਿ ਇਸ ਤੋਂ ਬਾਅਦ ਐਤਵਾਰ ਸਵੇਰੇ ਚਾਰ ਛੋਟੀਆਂ ਕਿਸ਼ਤੀਆਂ ਨੇ ਫਿਰ ਤੋਂ ਉਸੇ ਮਾਲਵਾਹਕ ਜਹਾਜ਼ ‘ਤੇ ਛੋਟੇ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਬਾਗੀਆਂ ਨੇ ਜਹਾਜ਼ ‘ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਹੂਤੀ ਨੇ ਸੰਘਰਸ਼ ਵਿੱਚ ਆਪਣੇ 10 ਲੜਾਕਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।