ਨਵੀਂ ਦਿੱਲੀ: ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਨੇਤਾ ਕਰਪੂਰੀ ਠਾਕੁਰ ਨੂੰ ‘ਭਾਰਤ ਰਤਨ’ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਰਾਸ਼ਟਰਪਤੀ ਭਵਨ ਵੱਲੋਂ ਅੱਜ ਉਨ੍ਹਾਂ ਦੀ ਜਨਮ ਸ਼ਤਾਬਦੀ ਦੀ ਪੂਰਵ ਸੰਧਿਆ ਮੌਕੇ ਇਹ ਐਲਾਨ ਕੀਤਾ ਗਿਆ। ਉਹ ਪਹਿਲੇ ਗ਼ੈਰ-ਕਾਂਗਰਸੀ ਸਮਾਜਵਾਦੀ ਨੇਤਾ ਸਨ ਜਿਹੜੇ ਦੋ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ। ‘ਜਨਨਾਇਕ’ ਵਜੋਂ ਜਾਣੇ ਜਾਂਦੇ ਕਰਪੂਰੀ ਠਾਕੁਰ ਦਸੰਬਰ 1970 ਤੋਂ ਜੂਨ 1971 ਤੱਕ ਅਤੇ ਦਸੰਬਰ 1977 ਤੋਂ ਅਪਰੈਲ 1979 ਤੱਕ ਦੋ ਵਾਰ ਬਿਹਾਰ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਦਾ ਜਨਮ 24 ਜਨਵਰੀ 1924 ਨੂੰ ਅਤੇ ਦੇਹਾਂਤ 17 ਫਰਵਰੀ 1988 ਨੂੰ ਹੋਇਆ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ, ‘‘ਰਾਸ਼ਟਰਪਤੀ ਨੂੰ ਸ੍ਰੀ ਕਰਪੂਰੀ ਠਾਕੁਰ ਨੂੰ (ਮਰਨ ਉਪਰੰਤ) ਭਾਰਤ ਰਤਨ ਦੇਣ ’ਤੇ ਖੁਸ਼ੀ ਹੋ ਰਹੀ ਹੈ।’’ ਕਰਪੂਰੀ ਠਾਕੁਰ ਦੇਸ਼ ਦਾ ਇਹ ਸਰਵਉੱਚ ਨਾਗਰਿਕ ਸਨਮਾਨ ਹਾਸਲ ਕਰਨ ਵਾਲੇ 49ਵੇਂ ਵਿਅਕਤੀ ਹਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਪੂਰੀ ਠਾਕੁਰ ਨੂੰ ‘ਭਾਰਤ ਰਤਨ’ ਦੇਣ ਦੇ ਐਲਾਨ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। -ਪੀਟੀਆਈ