ਇੰਫਾਲ, 24 ਅਗਸਤ
ਥਲ ਸੈਨਾ ਮੁਖੀ ਉਪੇਂਦਰ ਦਿਵੇਦੀ ਨੇ ਅੱਜ ਮਨੀਪੁਰ ਵਿਚ ਕੌਮਾਂਤਰੀ ਸਰਹੱਦ ਦੇ ਨਾਲ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ। ਜਨਰਲ ਦਿਵੇਦੀ ਮਨੀਪੁਰ ਦੀ ਦੋ ਰੋਜ਼ਾ ਫੇਰੀ ’ਤੇ ਹਨ। ਥਲ ਸੈਨਾ ਨੇ ਇਕ ਬਿਆਨ ਵਿਚ ਕਿਹਾ, ‘‘ਫੌਜ ਮੁਖੀ ਨੇ ਪੂਰਬੀ ਫੌਜ ਦੇ ਕਮਾਂਡਰ ਨਾਲ ਅੱਜ ਸਰਹੱਦ ਦੇ ਨਾਲ ਅਤੇ ਇਲਾਕੇ ਵਿਚ ਅੰਦਰੂਨੀ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ।’’ ਬਿਆਨ ਵਿਚ ਕਿਹਾ ਗਿਆ ਕਿ ਜਨਰਲ ਦਿਵੇਦੀ ਨੇ ‘ਇਲਾਕੇ ਵਿਚ ਅਮਨ ਤੇ ਸਦਭਾਵਨਾ ਬਣਾਈ ਰੱਖਣ ਲਈ ਭਾਰਤੀ ਫੌਜ ਤੇ ਅਸਾਮ ਰਾਈਫਲਜ਼ ਵੱਲੋਂ ਕੀਤੇ ਯਤਨਾਂ’ ਦੀ ਸ਼ਲਾਘਾ ਕੀਤੀ।
ਫੌਜ ਮੁਖੀ ਸਾਬਕਾ ਫੌਜੀਆਂ ਨੂੰ ਵੀ ਮਿਲੇ ਤੇ ਉਨ੍ਹਾਂ ਵੱਲੋਂ ਰਾਸ਼ਟਰ ਨਿਰਮਾਣ ਵਿਚ ਪਾਏ ਬਹੁਮੁੱਲੇ ਯੋਗਦਾਨ ਦੀ ਤਾਰੀਫ਼ ਕਰਦਿਆਂ ਅਪੀਲ ਕੀਤੀ ਕਿ ਉਹ ਭਾਈਚਾਰਿਆਂ ਵਿਚ ਅਮਨ ਬਣਾਈ ਰੱਖਣ ਤੇ ਦੋਸਤੀ ਦੀ ਭਾਵਨਾ ਦੇ ਪ੍ਰਚਾਰ ਪਾਸਾਰ ਲਈ ਆਪਣੀ ਬਣਦੀ ਭੂਮਿਕਾ ਨਿਭਾਉਂਦੇ ਰਹਿਣ। ਸ਼ੁੱਕਰਵਾਰ ਨੂੰ ਮਨੀਪੁਰ ਪੁੱਜੇ ਜਨਰਲ ਦਿਵੇਦੀ ਨੇ ਸੂਬੇ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੂੰ ਵੀ ਮਿਲੇ ਸਨ ਤੇ ਉਨ੍ਹਾਂ ਮੌਜੂਦਾ ਸੁਰੱਖਿਆ ਪਰਿਪੇਖ ਦੇ ਹਵਾਲੇ ਨਾਲ ਵਿਆਪਕ ਵਿਚਾਰ ਚਰਚਾ ਕੀਤੀ ਸੀ। ਥਲ ਸੈਨਾ ਮੁਖੀ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਭਾਰਤੀ ਫੌਜ ਖਿੱਤੇ ਵਿਚ ਅਮਨ ਤੇ ਸਦਭਾਵਨਾ ਬਣਾਈ ਰੱਖਣ ਲਈ ਵਚਨਬੱਧ ਹੈ। -ਪੀਟੀਆਈ
ਕੇਂਦਰ ਸਰਕਾਰ ਮਨੀਪੁਰ ’ਚ ਅਮਨ ਬਹਾਲੀ ਦੀ ਚਾਹਵਾਨ: ਬੀਰੇਨ ਸਿੰਘ
ਇੰਫਾਲ: ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਕਿਹਾ ਕਿ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਦੀ ਫੇਰੀ ਤੋਂ ਸਾਫ ਹੈ ਕਿ ਕੇਂਦਰ ਸਰਕਾਰ ਉੱਤਰ-ਪੂਰਬੀ ਰਾਜ ਵਿਚ ਨਸਲੀ ਹਿੰਸਾ ਤੋਂ ਫਿਕਰਮੰਦ ਹੈ ਤੇ ਸ਼ਾਂਤੀ ਦੀ ਬਹਾਲੀ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਥਲ ਸੈਨਾ ਮੁਖੀ ਅਹਿਮ ਮੌਕੇ ’ਤੇ ਮਨੀਪੁਰ ਆਏ ਹਨ। ਸਿੰਘ ਨੇ ਭਾਰਤੀ ਫੌਜ ਤੇ ਅਸਾਮ ਰਾਈਫਲਜ਼ ਵੱਲੋਂ ਇਲਾਕੇ ਵਿਚ ਅਮਨ ਤੇ ਸਦਭਾਵਨਾ ਦੀ ਬਹਾਲੀ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਸਿੰਘ ਨੇ ਅਸਾਮ ਦੇ ਚਾਰ ਜ਼ਿਲ੍ਹਿਆਂ ਵਿਚ ਮਨੀਪੁਰੀ ਭਾਸ਼ਾ ਨੂੰ ਸਹਾਇਕ ਅਧਿਕਾਰਤ ਭਾਸ਼ਾ ਦਾ ਦਰਜਾ ਦੇਣ ਸਬੰਧੀ ਬਿੱਲ ਪਾਸੇ ਕਰਨ ਲਈ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਤੇ ਅਸਾਮ ਅਸੈਂਬਲੀ ਦੇ ਸਾਰੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ। -ਪੀਟੀਆਈ