ਨਵੀਂ ਦਿੱਲੀ, 15 ਜੁਲਾਈ
ਰੱਖਿਆ ਮੰਤਰਾਲੇ ਨੇ ਪੂਰਬੀ ਲੱਦਾਖ਼ ਵਿੱਚ ਚੀਨ ਨਾਲ ਤਣਾਅ ਦੇ ਮੱਦੇਨਜ਼ਰ ਅੱਜ ਫੌਜ ਦੇ ਤਿੰਨਾਂ ਵਿੰਗਾਂ ਨੂੰ ਅਪਰੇਸ਼ਨਲ ਲੋੜਾਂ ਲਈ ਫੌਰੀ 300 ਕਰੋੜ ਰੁਪਏ ਤਕ ਦੇ ਸਾਮਾਨ ਦੀ ਖਰੀਦ ਕਰਨ ਦਾ ਵਿਸ਼ੇਸ਼ ਅਧਿਕਾਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਖਰੀਦ ਨਾਲ ਸਬੰਧਤ ਚੀਜ਼ਾਂ ਦੀ ਗਿਣਤੀ ਦੀ ਕੋਈ ਹੱਦ ਨਹੀਂ ਹੈ ਅਤੇ ਮੁਸ਼ਕਲ ਹਾਲਾਤ ਵਿੱਚ ਹਰ ਖਰੀਦ 300 ਕਰੋੜ ਰੁਪਏ ਤੋਂ ਵਧ ਦੀ ਨਹੀਂ ਹੋਣੀ ਚਾਹੀਦੀ। ਇਹ ਫੈਸਲਾ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਹੋਈ ਰੱਖਿਆ ਖਰੀਦ ਪ੍ਰੀਸ਼ਦ ਦੀ ਮੀਟਿੰਗ ਵਿੱਚ ਕੀਤਾ ਗਿਆ। ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ‘‘ ਡੀਏਸੀ ਨੇ 300 ਕਰੋੜ ਰੁਪਏ ਤਕ ਦੇ ਫੌਰੀ ਖਰੀਦ ਨਾਲ ਜੁੜੇ ਮਾਮਲਿਆਂ ਨੂੰ ਅੱਗੇ ਵਧਾਉਣ ਲਈ ਫੌਜ ਦੇ ਤਿੰਨੇ ਵਿੰਗਾਂ ਨੂੰ ਅਧਿਕਾਰ ਦਿੱਤੇ ਹਨ ਜਿਸ ਨਾਲ ਉਹ ਆਪਾਤ ਸਥਿਤੀ ਵਿੱਚ ਲੋੜੀਂਦੇ ਹਥਿਆਰ ਖਰੀਦ ਸਕਣਗੇ। ਡੀਏਸੀ ਨੇ 21 ਮਿੱਗ 29 ਲੜਾਕੂ ਜਹਾਜ਼ ਖਰੀਦਣ ਦੀ ਤਜਵੀਜ਼ ਵੀ ਪ੍ਰਵਾਨ ਕਰ ਲਈ ਹੈ।