ਨਵੀਂ ਦਿੱਲੀ: ਰਾਇਸੀਨਾ ਹਿੱਲ ਕੰਪਲੈਕਸ ਤੋਂ ਇੰਡੀਆ ਗੇਟ ਤੱਕ ਦਾ ਨਵਾਂ ਬਣਾਇਆ ਗਿਆ ਕਰਤੱਵਯ ਮਾਰਗ ਲੋਕ ਅਰਪਣ ਕਰ ਦਿੱਤਾ ਗਿਆ ਹੈ। ਇਥੋਂ ਦੀ ਜੰਗੀ ਯਾਦਗਾਰ ਦੇਖਣ ਆਏ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਇੰਡੀਆ ਗੇਟ ’ਤੇ ਅਮਰ ਜਵਾਨ ਜੋਤੀ ਦੀ ਘਾਟ ਸਪਸ਼ਟ ਨਜ਼ਰ ਆਉਂਦੀ ਹੈ ਪਰ ਇਸ ਮਾਰਗ ਤੇ ਖੇਤਰ ਦਾ ਨਵੀਨੀਕਰਨ ਬਹੁਤ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਇਹ ‘ਸਦੀਵੀ ਲਾਟ’ ਸਾਡੇ ਦਿਲਾਂ ਵਿਚ ਹਮੇਸ਼ਾ ਬਰਕਰਾਰ ਰਹੇਗੀ। ਇਸ ਮਾਰਗ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਸਤੰਬਰ ਨੂੰ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਸਥਾਨ ਦੀ ਅਹਿਮੀਅਤ ਕਾਰਨ ਇਥੇ ਆਉਣ ਤੇ ਸੈਲਫੀਆਂ ਖਿੱਚਣ। ਉਨ੍ਹਾਂ ਲੋਕਾਂ ਨੂੰ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਲਈ ਵੀ ਕਿਹਾ ਸੀ। ਦੱਸਣਾ ਬਣਦਾ ਹੈ ਕਿ ਸੈਂਟਰਲ ਵਿਸਟਾ ਪੁਨਰ-ਵਿਕਾਸ ਪ੍ਰਾਜੈਕਟ ਦਾ ਨੀਂਹ ਪੱਥਰ ਸਤੰਬਰ 2019 ਵਿੱਚ ਰੱਖਿਆ ਗਿਆ ਸੀ। ਇਥੇ ਜੰਗੀ ਯਾਦਗਾਰ ’ਤੇ ਅੱਜ ਵੀ ਸੈਲਾਨੀ ਆਪਣੇ ਦੋਸਤਾਂ ਅਤੇ ਪਰਿਵਾਰਾਂ ਨਾਲ ਸੈਲਫੀਆਂ ਤੇ ਤਸਵੀਰਾਂ ਲੈਣ ਵਿਚ ਰੁੱਝੇ ਰਹੇ। -ਪੀਟੀਆਈ