ਵਾਇਨਾਡ, 10 ਨਵੰਬਰ
ਕਾਂਗਰਸ ਦੀ ਜਨਰਲ ਸਕੱਤਰ ਅਤੇ ਵਾਇਨਾਡ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਯੂਨਾਈਟਿਡ ਡੈਮੋਕਰੈਟਿਕ ਫਰੰਟ (ਊਡੀਐੱਫ) ਦੀ ਉਮੀਦਵਾਰ ਪ੍ਰਿਯੰਕਾ ਗਾਂਧੀ ਨੇ ਤਿਰੁਨੇਲੀ ਮਹਾ ਵਿਸ਼ਨੂੰ ਮੰਦਰ ਦੇ ਦਰਸ਼ਨ ਕਰਕੇ ਚੋਣ ਪ੍ਰਚਾਰ ਦੇ ਆਖ਼ਰੀ ਗੇੜ ਦੀ ਸ਼ੁਰੂਆਤ ਕੀਤੀ। ਵਾਇਨਾਡ ਜ਼ਿਮਨੀ ਚੋਣ 13 ਨਵੰਬਰ ਨੂੰ ਹੋਵੇਗੀ ਅਤੇ ਇਸ ਲਈ ਚੋਣ ਪ੍ਰਚਾਰ ਸੋਮਵਾਰ ਨੂੰ ਖਤਮ ਹੋਵੇਗਾ। ਤਿਰੁਨੇਲੀ ਮਹਾ ਵਿਸ਼ਨੂੰ ਮੰਦਰ ਪਾਪਨਾਸਿਨੀ ਨਦੀ ਦੇ ਕਿਨਾਰੇ ਸਥਿਤ ਹੈ, ਜਿੱਥੇ ਪ੍ਰਿਯੰਕਾ ਦੇ ਪਿਤਾ ਰਾਜੀਵ ਗਾਂਧੀ ਦੀਆਂ ਅਸਥੀਆਂ 1991 ਵਿੱਚ ਵਿਸਰਜਿਤ ਕੀਤੀਆਂ ਗਈਆਂ ਸਨ।
ਇਸ ਦੌਰਾਨ ਪ੍ਰਿਯੰਕਾ ਨੇ ਮੰਦਿਰ ਦੇ ਪੁਜਾਰੀਆਂ ਕੋਲੋਂ ‘ਦੱਖਣ ਦੀ ਕਾਸ਼ੀ’ ਵਜੋਂ ਜਾਣੇ ਜਾਂਦੇ ਇਸ ਪ੍ਰਾਚੀਨ ਮੰਦਰ ਦੇ ਇਤਿਹਾਸ ਬਾਰੇ ਜਾਣਕਾਰੀ ਲਈ। ਬਾਅਦ ਵਿੱਚ ਉਹ ਮਨੰਥਵਾਡੀ ਵਿੱਚ ਐਡਵਾਕਾ ਲਈ ਰਵਾਨਾ ਹੋਏ, ਜਿੱਥੇ ਕਾਂਗਰਸ ਦੀ ਅਗਵਾਈ ਵਾਲੇ ਯੂਡੀਐੱਫ ਵਰਕਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਆਪਣੇ ਸਮਰਥਕਾਂ ਨਾਲ ਗੱਲਬਾਤ ਵੀ ਕੀਤੀ। ਐਡਵਾਕਾ ਤੋਂ ਇਲਾਵਾ ਪ੍ਰਿਯੰਕਾ ਨੇ ਅੱਜ ਛੇ ਹੋਰ ਮੀਟਿੰਗਾਂ ਵਿੱਚ ਸ਼ਿਰਕਤ ਕੀਤੀ। ਭਲਕੇ ਸੋਮਵਾਰ ਨੂੰ ਪ੍ਰਿਯੰਕਾ ਅਤੇ ਉਨ੍ਹਾਂ ਦਾ ਭਰਾ ਰਾਹੁਲ ਗਾਂਧੀ ਹਲਕੇ ਦੇ ਸੁਲਤਾਨ ਬਥੇਰੀ ਅਤੇ ਤਿਰੂਵੰਬੜੀ ਇਲਾਕਿਆਂ ਵਿੱਚ ਸਾਂਝੇ ਤੌਰ ’ਤੇ ਰੋਡ ਸ਼ੋਅ ਕਰਨਗੇ। ਰਾਹੁਲ ਗਾਂਧੀ ਨੇ ਹਾਲ ਹੀ ਵਿੱਚ ਹੋਈਆਂ ਸੰਸਦੀ ਚੋਣਾਂ ਵਿੱਚ ਰਾਏਬਰੇਲੀ ਹਲਕੇ ਵਿੱਚ ਆਪਣੀ ਜਿੱਤ ਤੋਂ ਬਾਅਦ ਇਹ ਸੀਟ ਖਾਲੀ ਕਰ ਦਿੱਤੀ ਸੀ, ਜਿਸ ਤੋਂ ਬਾਅਦ ਜ਼ਿਮਨੀ ਚੋਣ ਜ਼ਰੂਰੀ ਹੋ ਗਈ ਸੀ। -ਪੀਟੀਆਈ