ਸ਼ਿਮਲਾ, 29 ਮਈ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਹਿਮਾਚਲ ਪ੍ਰਦੇਸ਼ ’ਚ ਸੈਰ-ਸਪਾਟਾ ਖੇਤਰ ਸਮੇਤ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ਨੂੰ ਢਾਹ ਲਗਾ ਰਹੀ ਹੈ। ਸੂਬੇ ’ਚ ਨੋਟਬੰਦੀ ਅਤੇ ਜੀਐੱਸਟੀ ਕਾਰਨ ਸੈਰ-ਸਪਾਟਾ ਸਨਅਤ ਨੂੰ ਨੁਕਸਾਨ ਪਹੁੰਚਣ ਦਾ ਦਾਅਵਾ ਕਰਦਿਆਂ ਉਨ੍ਹਾਂ ਵਾਅਦਾ ਕੀਤਾ ਕਿ ਜੇ ਕਾਂਗਰਸ ਲੋਕ ਸਭਾ ਚੋਣਾਂ ਬਾਅਦ ਸੱਤਾ ’ਚ ਆਈ ਤਾਂ ਉਹ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ’ਤੇ ਧਿਆਨ ਕੇਂਦਰਤ ਕਰਦਿਆਂ ਸੈਕਟਰ ਨੂੰ ਮਜ਼ਬੂਤ ਬਣਾਏਗੀ। ਕੁੱਲੂ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਬੰਦਰਗਾਹਾਂ, ਹਵਾਈ ਅੱਡੇ ਅਤੇ ਕੋਲਾ ਖਾਣਾਂ ਸਮੇਤ ਸਰਕਾਰੀ ਸੰਪਤੀਆਂ ਆਪਣੇ ਸਨਅਤੀ ਦੋਸਤਾਂ ਨੂੰ ਦੇਣ ਦੇ ਦੋਸ਼ ਲਾਏ। ‘ਹਿਮਾਚਲ ’ਚ ਅੱਜ ਸਭ ਤੋਂ ਵੱਧ ਅਡਾਨੀ ਦੀ ਮਾਲਕੀ ਵਾਲੇ ਕੋਲਡ ਸਟੋਰ ਹਨ ਜੋ ਸੇਬ ਦਾ ਭਾਅ ਤੈਅ ਕਰਕੇ ਉਤਪਾਦਕਾਂ ਦੀ ਕਿਸਮਤ ਦਾ ਫ਼ੈਸਲਾ ਕਰਦੇ ਹਨ। ਇਥੋਂ ਤੱਕ ਕਿ ਅਮਰੀਕਾ ਤੋਂ ਆ ਰਹੇ ਸੇਬਾਂ ਦੀ ਦਰਾਮਦ ਡਿਊਟੀ ਘਟਾ ਦਿੱਤੀ ਗਈ ਹੈ ਜਦਕਿ ਸਥਾਨਕ ਉਤਪਾਦਕਾਂ ਨੂੰ ਖੇਤੀ ਸੰਦਾਂ ’ਤੇ ਜੀਐੱਸਟੀ ਅਦਾ ਕਰਨਾ ਪੈਂਦਾ ਹੈ।’ ਪ੍ਰਿਯੰਕਾ ਨੇ ਕਿਹਾ ਕਿ ਕੋਵਿਡ ਵੈਕਸੀਨ ਕਾਰਨ ਹੁਣ ਲੋਕ ਮਰ ਰਹੇ ਹਨ ਅਤੇ ਭਾਜਪਾ ਨੇ ਮੈਨੂਫੈਕਚਰਰ ਤੋਂ 52 ਕਰੋੜ ਰੁਪਏ ਦਾਨ ਵਜੋਂ ਲਏ ਹਨ। ‘ਕਾਂਗਰਸ ਦੇ 55 ਸਾਲ ਸੱਤਾ ’ਚ ਰਹਿਣ ਦੇ ਬਾਵਜੂਦ ਉਹ ਅਮੀਰ ਪਾਰਟੀ ਨਹੀਂ ਬਣ ਸਕੀ ਪਰ ਭਾਜਪਾ ਸਿਰਫ਼ 10 ਸਾਲਾਂ ’ਚ ਹੀ ਦੁਨੀਆ ਦੀ ਅਮੀਰ ਪਾਰਟੀ ਬਣ ਗਈ ਹੈ।’ ਮੰਡੀ ਹਲਕੇ ਤੋਂ ਕਾਂਗਰਸ ਉਮੀਦਵਾਰ ਵਿਕਰਮਾਦਿੱਤਿਆ ਸਿੰਘ ਲਈ ਵੋਟਾਂ ਮੰਗਦਿਆਂ ਪ੍ਰਿਯੰਕਾ ਨੇ ਕਿਹਾ ਕਿ ਜੇਕਰ ‘ਇੰਡੀਆ’ ਗੱਠਜੋੜ ਸੱਤਾ ’ਚ ਆਇਆ ਤਾਂ ਸੂਬੇ ’ਚ ਹਰੇਕ ਗਰੀਬ ਔਰਤ ਨੂੰ 10 ਹਜ਼ਾਰ ਰੁਪਏ ਮਿਲਣਗੇ। ਇਸ ’ਚੋਂ ਕਾਂਗਰਸ ਚੋਣ ਮਨੋਰਥ ਪੱਤਰ ਦੇ 8500 ਰੁਪਏ ਅਤੇ ਹਿਮਾਚਲ ਸਰਕਾਰ ਦੇ 1500 ਰੁਪਏ ਸ਼ਾਮਲ ਹਨ। -ਪੀਟੀਆਈ