ਨਵੀਂ ਦਿੱਲੀ: ਭਾਜਪਾ ਨੇ ਅੱਜ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵਿਧਾਨ ਸਭਾ ਚੋਣਾਂ ਵਿਚ ਪ੍ਰਚਾਰ ਕਰਨ ਤੋਂ ਰੋਕਿਆ ਜਾਵੇ ਕਿਉਂਕਿ ਉਹ ਆਪਣੀਆਂ ਟਿੱਪਣੀਆਂ ਨਾਲ ਨਫ਼ਰਤ ਪੈਦਾ ਕਰ ਕੇ ਸਮਾਜ ਵਿਚ ਵੰਡੀਆਂ ਪਾ ਰਹੇ ਹਨ। ਭਾਜਪਾ ਨੇ ਸਿੱਧੂ ਤੇ ਕਾਂਗਰਸ ਖ਼ਿਲਾਫ਼ ਅਪਰਾਧਕ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਹੈ। ਮੁਖਤਾਰ ਅੱਬਾਸ ਨਕਵੀ ਦੀ ਅਗਵਾਈ ਵਿਚ ਭਾਜਪਾ ਦਾ ਇਕ ਵਫ਼ਦ ਅੱਜ ਚੋਣ ਕਮਿਸ਼ਨ ਨੂੰ ਮਿਲਿਆ ਤੇ ਮੰਗ ਪੱਤਰ ਸੌਂਪਿਆ। ਉਨ੍ਹਾਂ ਦਾਅਵਾ ਕੀਤਾ ਕਿ ਸਿੱਧੂ ਨੇ ਪੰਜਾਬੀਆਂ ਨੂੰ ਵੰਡਣ ਦੇ ਮਕਸਦ ਨਾਲ ‘ਅਪਮਾਨਜਨਕ ਹਵਾਲਾ’ ਦੇ ਕੇ ਬ੍ਰਾਹਮਣਾਂ ਦਾ ਨਿਰਾਦਰ ਕੀਤਾ ਹੈ। ਭਾਜਪਾ ਨੇ ਨਾਲ ਹੀ ਕਿਹਾ ਕਿ ਸਿੱਧੂ ਨੇ ਹਾਲ ਹੀ ਵਿਚ ਰਾਜ ਦੇ ਮੁਸਲਮਾਨਾਂ ਨੂੰ ਵੀ ਕਿਹਾ ਸੀ ਕਿ ਉਨ੍ਹਾਂ ਦੇ ਵੋਟ ਵੰਡੇ ਨਹੀਂ ਜਾਣੇ ਚਾਹੀਦੇ। ਨਕਵੀ ਨੇ ਕਿਹਾ ਕਿ ਕਾਂਗਰਸ ਆਗੂ ਦੀਆਂ ਟਿੱਪਣੀਆਂ ਆਦਰਸ਼ ਚੋਣ ਜ਼ਾਬਤੇ ਤੇ ਆਈਪੀਸੀ ਦੀ ਉਲੰਘਣਾ ਹਨ। ਭਾਜਪਾ ਨੇ ਆਪਣੇ ਮੰਗ ਪੱਤਰ ਵਿਚ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਕਾਂਗਰਸ ਪਾਰਟੀ ਨੂੰ ਚਿਤਾਵਨੀ ਦਿੱਤੀ ਜਾਵੇ ਜੋ ਕਿ ਸਿੱਧੂ ਦੀਆਂ ਸਾਜ਼ਿਸ਼ਾਂ ਨੂੰ ਸਵੀਕਾਰ ਰਹੀ ਹੈ ਤੇ ਇਨ੍ਹਾਂ ਵਿਚ ਸ਼ਾਮਲ ਹੈ। -ਪੀਟੀਆਈ