ਜੰਮੂ, 11 ਅਕਤੂਬਰ
ਜੰਮੂ ਤੇ ਕਸ਼ਮੀਰ ਦੇ ਬਾਲਾਕੋਟ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ ਭਾਜਪਾ ਆਗੂ ਦੀ ਰਿਹਾਇਸ਼ ’ਤੇ ਤਾਇਨਾਤ ਸੁਰੱਖਿਆ ਗਾਰਡ ਨੇ ਅੱਜ ਸਵੇਰੇ ਕੁਝ ਸ਼ੱਕੀ ਹਿਲਜੁਲ ਵੇਖੀ ਤਾਂ ਇਹਤਿਆਤ ਵਜੋਂ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ। ਤਲਾਸ਼ੀ ਮੁਹਿੰਮ ਦੌਰਾਨ ਪੁਲੀਸ ਹੱਥ ਭਾਵੇਂ ਕੁਝ ਨਹੀਂ ਲੱਗਾ, ਪਰ ਸੁਰੱਖਿਆ ਗਾਰਡ ਵੱਲੋਂ ਚਲਾਈਆਂ ਗੋਲੀਆਂ ਨੇ ਪੁਲੀਸ ਤੇ ਸੁਰੱਖਿਆ ਦਸਤਿਆਂ ਨੂੰ ਇਕ ਵਾਰ ਭਾਜੜ ਜ਼ਰੂਰ ਪਾ ਦਿੱਤੀ।
ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਪੁਣਛ ਦੇ ਬਾਲਾਕੋਟ ਵਿੱਚ ਭਾਜਪਾ ਆਗੂ ਜ਼ੁਲਫ਼ਕਾਰ ਪਠਾਨ ਦੇ ਨਿੱਜੀ ਸੁਰੱਖਿਆ ਅਧਿਕਾਰੀ (ਪੀਐੱਸਓ) ਨੇ ਅੱਜ ਵੱਡੇ ਤੜਕੇ ਘਰ ਦੇ ਬਾਹਰ ਸ਼ੱਕੀ ਹਿਲਜੁਲ ਵੇਖੀ ਤਾਂ ਇਹਤਿਆਤ ਵਜੋੋਂ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ। ਪੁੁਲੀਸ ਤੇ ਸੁਰੱਖਿਆ ਦਸਤਿਆਂ ਨੇ ਮਗਰੋਂ ਦਿਨ ਚੜ੍ਹਦਿਆਂ ਹੀ ਖੇਤਰ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਚਲਾਈ, ਹਾਲਾਂਕਿ ਭਾਜਪਾ ਆਗੂ ਦੀ ਰਿਹਾਇਸ਼ ਨੇੜਿਓਂ ਊਨ੍ਹਾਂ ਦੇ ਹੱਥ ਕੁਝ ਵੀ ਸ਼ੱਕੀ ਜਾਂ ਸ਼ੱਕੀ ਵਿਅਕਤੀਆਂ ਦਾ ਖੁਰਾ-ਖੋਜ ਨਹੀਂ ਲੱਗਾ। -ਪੀਟੀਆਈ