ਕੋਜ਼ੀਕੋੜ, 8 ਅਗਸਤ
ਕੋਜ਼ੀਕੋੜ ਹਵਾਈ ਅੱਡੇ ’ਤੇ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਐਕਸਪ੍ਰੈੱਸ ਹਵਾਈ ਜਹਾਜ਼ ਦਾ ਬਲੈਕ ਬਾਕਸ ਮਿਲ ਗਿਆ ਹੈ ਜਿਸ ਤੋਂ ਇਹ ਪਤਾ ਲਾਉਣ ’ਚ ਮਦਦ ਮਿਲ ਸਕਦੀ ਹੈ ਕਿ ਇਹ ਹਵਾਈ ਜਹਾਜ਼ ਕਿਵੇਂ ਤਿਲਕਿਆ। ਇਸ ਹਾਦਸੇ ’ਚ ਜ਼ਖ਼ਮੀ ਹੋਏ ਇੱਕ ਹੋਰ ਵਿਅਕਤੀ ਦੀ ਅੱਜ ਮੌਤ ਹੋ ਜਾਣ ਮਗਰੋਂ ਇਸ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 18 ਹੋ ਗਈ ਹੈ। ਇਸੇ ਦੌਰਾਨ ਹਾਦਸੇ ’ਚ ਮਾਰੇ ਗਏ ਇੱਕ ਯਾਤਰੀ ਦੇ ਕਰੋਨਾ ਪਾਜ਼ੇਟਿਵ ਪਾਏ ਜਾਣ ਮਗਰੋਂ ਸਥਿਤੀ ਹੋਰ ਗੰਭੀਰ ਹੋ ਗਈ ਹੈ।
ਸੂਬੇ ਦੀ ਸਿਹਤ ਮੰਤਰੀ ਕੇਕੇ ਸ਼ੈਲਜਾ ਨੇ ਬਚਾਅ ਕਾਰਜਾਂ ’ਚ ਲੱਗੇ ਸਾਰੇ ਲੋਕਾਂ ਨੂੰ ਇਹਤਿਆਤ ਵਜੋਂ ਇਕਾਂਤਵਾਸ ’ਚ ਰਹਿਣ ਅਤੇ ਆਪਣੀ ਜਾਂਚ ਕਰਵਾਉਣ ਲਈ ਕਿਹਾ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਡੀਜੀਸੀਏ ਦੇ ਅਧਿਕਾਰੀ ਉੱਥੇ ਪਹੁੰਚ ਰਹੇ ਹਨ। ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਹਾਲਾਤ ਦਾ ਜਾਇਜ਼ਾ ਲੈਣ ਲਈ ਕੋਜ਼ੀਕੋੜ ਪਹੁੰਚੇ ਹਨ। ਸ੍ਰੀ ਪੁਰੀ ਨੇ ਕਿਹਾ, ‘ਹਾਦਸਾਗ੍ਰਸਤ ਜਹਾਜ਼ ਦਾ ਡਿਜੀਟਲ ਫਲਾਈਟ ਡੇਟਾ ਰਿਕਾਰਡਰ ਤੇ ਕਾਕਪਿੱਟ ਵੁਆਇਸ ਰਿਕਾਰਡਰ ਬਰਾਮਦ ਕਰ ਲਿਆ ਗਿਆ ਹੈ। ਏਏਆਈਬੀ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।’ ਸ੍ਰੀ ਪੁਰੀ ਨੇ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ, ਗੰਭੀਰ ਜ਼ਖ਼ਮੀਆਂ ਨੂੰ 2-2 ਲੱਖ ਰੁਪਏ ਤੇ ਮਾਮੂਲੀ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਕੇਰਲ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। -ਪੀਟੀਆਈ
ਪੰਛੀ ਟਕਰਾਉਣ ਕਾਰਨ ਮੁੰਬਈ ਜਾਣ ਵਾਲੀ ਉਡਾਣ ਰੱਦ
ਨਵੀਂ ਦਿੱਲੀ: ਰਾਂਚੀ ਹਵਾਈ ਅੱਡੇ ’ਤੇ ਅੱਜ ਪੰਛੀ ਟਕਰਾਉਣ ਕਾਰਨ ਮੁੰਬਈ ਜਾਣ ਲਈ ਤਿਆਰ ਏਅਰ ਏਸ਼ੀਆ ਇੰਡੀਆ ਦੀ ਉਡਾਣ ਰੱਦ ਕਰ ਦਿੱਤੀ ਗਈ। ਹਵਾਈ ਸੇਵਾਵਾਂ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ 11.50 ਵਜੇ ਰਾਂਚੀ ਤੋਂ ਮੁੰਬਈ ਜਾਣ ਵਾਲੀ ਏਅਰ ਏਸ਼ੀਆ ਇੰਡੀਆ ਦੇ ਜਹਾਜ਼ ਵੀਟੀ-ਐੱਚਕੇਜੀ ਨਾਲ ਪੰਛੀ ਟਕਰਾ ਗਿਆ ਜਿਸ ਕਾਰਨ ਉਡਾਣ ਰੱਦ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਵਿੱਚ ਕੋਲਕਾਤਾ ਤੋਂ ਆਏ ਜਹਾਜ਼ ਵੀਟੀ-ਜੇਆਰਟੀ ਨੂੰ ਮੁੰਬਈ ਜਾਣ ਵਾਲੇ ਯਾਤਰੀਆਂ ਲਈ ਮੁਹੱਈਆ ਕੀਤਾ ਗਿਆ। -ਪੀਟੀਆਈ
ਸਭ ਤੋਂ ਤਜਰਬੇਕਾਰ ਪਾਇਲਟਾਂ ’ਚੋਂ ਇੱਕ ਸਨ ਸਾਠੇ: ਪੁਰੀ
ਕੋਜ਼ੀਕੋੜ: ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਹਾਦਸਾਗ੍ਰਸਤ ਏਅਰ ਇੰਡੀਆ ਐਕਸਪ੍ਰੈੱਸ ਦੇ ਮੁੱਖ ਪਾਇਲਟ ਦੀਪਕ ਵਸੰਤ ਸਾਠੇ ਸਭ ਤੋਂ ਤਜਰਬੇਕਾਰ ਕਮਾਂਡਰਾਂ ’ਚੋਂ ਇੱਕ ਸਨ ਜਿਨ੍ਹਾਂ ਕੋਲ 10 ਹਜ਼ਾਰ ਘੰਟੇ ਤੋਂ ਵੱਧ ਉਡਾਣ ਦਾ ਤਰਜਬਾ ਸੀ ਅਤੇ ਪਹਿਲਾਂ ਉਹ ਕਾਰੀਪੁਰ ਹਵਾਈ ਅੱਡੇ ’ਤੇ 27 ਵਾਰ ਲੈਂਡਿੰਗ ਕਰਵਾ ਚੁੱਕੇ ਹਨ। ਹਾਦਸੇ ’ਚ ਸਾਠੇ ਦੀ ਵੀ ਮੌਤ ਹੋ ਗਈ ਹੈ। ਸ੍ਰੀ ਪੁਰੀ ਨੇ ਬਚਾਅ ਕਾਰਜਾਂ ’ਚ ਲੱਗੇ ਲੋਕਾਂ ਦੀ ਸ਼ਲਾਘਾ ਕੀਤੀ। ਇਸ ਹਾਦਸੇ ’ਚ ਸਹਾਇਕ ਪਾਇਲਟ ਅਖਿਲੇਸ਼ ਕੁਮਾਰ ਦੀ ਵੀ ਮੌਤ ਹੋ ਗਈ ਹੈ। -ਪੀਟੀਆਈ