ਰਾਏਪੁਰ, 29 ਅਗਸਤ
ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਝਰਨੇ ’ਚ ਨਹਾਉਂਦਿਆਂ ਲਾਪਤਾ ਹੋਏ ਤਿੰਨ ਹੋਰ ਸੈਲਾਨੀਆਂ ਦੀਆਂ ਲਾਸ਼ਾਂ ਅੱਜ ਬਰਾਮਦ ਹੋਈਆਂ ਹਨ। ਇਸ ਮਗਰੋਂ ਹਾਦਸੇ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ ਛੇ ਹੋ ਗਈ ਹੈ। ਇਹ ਸਾਰੇ ਮੱਧ ਪ੍ਰਦੇਸ਼ ਦੇ ਇੱਕ 15 ਮੈਂਬਰੀ ਪਰਿਵਾਰ ਦਾ ਹਿੱਸਾ ਸਨ, ਜੋ ਐਤਵਾਰ ਨੂੰ ਰਾਏਪੁਰ ਤੋਂ 300 ਕਿਲੋਮੀਟਰ ਤੋਂ ਵੱਧ ਦੂਰ ਰਾਮਦਾਹਾ ਝਰਨੇ ’ਤੇ ਪਿਕਨਿਕ ਲਈ ਗਏ ਸਨ। ਬੀਤੇ ਦਿਨ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਝਰਨੇ ’ਚ ਨਹਾਉਂਦੇ ਸਮੇਂ ਸੱਤ ਵਿਅਕਤੀ ਲਾਪਤਾ ਹੋ ਗਏ ਹਨ। ਇਨ੍ਹਾਂ ’ਚੋਂ ਦੋ ਵਿਅਕਤੀਆਂ ਨੂੰ ਰਾਹਤਕਰਮੀਆਂ ਨੇ ਲੱਭ ਕੇ ਹਸਪਤਾਲ ਦਾਖਲ ਕਰਵਾ ਦਿੱਤਾ, ਜਿੱਥੇ ਇੱਕ ਦੀ ਮੌਤ ਹੋ ਗਈ। ਮਗਰੋਂ ਐਤਵਾਰ ਨੂੰ ਹੀ ਦੋ ਹੋਰ ਲਾਸ਼ਾਂ ਬਰਾਮਦ ਹੋਈਆਂ। ਕੁਲੈਕਟਰ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਅੱਜ ਸਵੇਰੇ ਰਾਹਤ ਕਾਰਜ ਮੁੜ ਸ਼ੁਰੂ ਹੋਇਆ ਅਤੇ ਇਸ ਦੌਰਾਨ ਤਿੰਨ ਹੋਰ ਲਾਸ਼ਾਂ ਬਰਾਮਦ ਹੋਈਆਂ। ਇਨ੍ਹਾਂ ਤਿੰਨਾਂ ਮ੍ਰਿਤਕਾਂ ਦੀ ਪਛਾਣ ਸ਼ਵੇਤਾ ਸਿੰਘ (22), ਸ਼ਰਧਾ ਸਿੰਘ (14) ਅਤੇ ਅਭੈ ਸਿੰਘ (22) ਵਜੋ ਹੋਈ ਹੈ। -ਪੀਟੀਆਈ