ਜਲਗਾਓਂ (ਮਹਾਰਾਸ਼ਟਰ), 10 ਜੂਨ
ਮਹਾਰਾਸ਼ਟਰ ਦੇ ਭੁਸਾਵਲ ਦੀ ਇੱਕ 82 ਸਾਲਾ ਔਰਤ ਜੋ ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚੋਂ ਅੱਠ ਦਿਨਾਂ ਤੋਂ ਲਾਪਤਾ ਸੀ, ਦੀ ਲਾਸ਼ ਅੱਜ ਹਸਪਤਾਲ ਦੇ ਪਖਾਨੇ ਵਿਚੋਂ ਮਿਲੀ ਹੈ। ਜ਼ਿਲ੍ਹਾਪੀਠ ਥਾਣੇ ਦੇ ਸੀਨੀਅਰ ਇੰਸਪੈਕਟਰ ਅਕਬਰ ਪਟੇਲ ਅਨੁਸਾਰ ਜਲਗਾਓਂ ਸਿਵਲ ਹਸਪਤਾਲ (ਜੇਸੀਐੱਚ) ਦੇ ਅਧਿਕਾਰੀਆਂ ਅਤੇ ਪਰਿਵਾਰ ਨੇ ਪੁਲੀਸ ਨੂੰ ਦੱਸਿਆ ਸੀ ਕਿ ਹਸਪਤਾਲ ਵਿੱਚ ਦਾਖਲ ਬਜ਼ੁਰਗ ਔਰਤ 2 ਜੂਨ ਤੋਂ ਲਾਪਤਾ ਹੈ। ਪੁਲੀਸ ਨੇ ਇਸ ਤੋਂ ਬਾਅਦ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਸਾਰੇ ਮਰੀਜ਼ਾਂ ਦੇ ਰਜਿਸਟਰਾਂ ਦੀ ਜਾਂਚ ਕੀਤੀ, ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ 6 ਜੂਨ ਨੂੰ ਸ਼ਿਕਾਇਤ ਦਰਜ ਕੀਤੀ ਗਈ। ਔਰਤ ਦਾ 27 ਮਈ ਨੂੰ ਕੋਵਿਡ-19 ਪਾਜ਼ੇਟਿਵ ਆਈ ਸੀ ਤੇ ਉਸ ਨੂੰ ਜੇਸੀਐੱਚ ਤਬਦੀਲ ਕਰਨ ਤੋਂ ਪਹਿਲਾਂ ਕਿਸੇ ਹੋਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜੇਸੀਐੱਚ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਔਰਤ 2 ਜੂਨ ਤੱਕ ਵਾਰਡ ਵਿੱਚ ਵੇਖੀ ਗਈ ਸੀ, ਜਿਸ ਤੋਂ ਬਾਅਦ ਉਸ ਦਾ ਪਤਾ ਨਹੀਂ ਚੱਲਿਆ। ਸ੍ਰੀ ਪਟੇਲ ਨੇ ਕਿਹਾ, “ਆਖਰਕਾਰ, ਅੱਜ ਹਸਪਤਾਲ ਦੇ ਪਖਾਨੇ ਵਿੱਚੋਂ ਕੁਝ ਬਦਬੂ ਆਈ ਅਤੇ ਉਥੇ ਔਰਤ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਪਰਿਵਾਰ ਨੂੰ ਸੂਚਿਤ ਕੀਤਾ।”