ਪੱਤਰ ਪ੍ਰੇਰਕ
ਅਟਾਰੀ, 8 ਅਕਤੂਬਰ
ਨਵੀਂ ਦਿੱਲੀ ਸਥਿਤ ਇੰਦਰਪ੍ਰਸਥ ਅਪੋਲੋ ਹਸਪਤਾਲ ਵਿੱਚ ਜ਼ੇਰੇ ਇਲਾਜ ਅਫ਼ਗਾਨ ਨਾਗਰਿਕ ਦੀ ਮੌਤ ਹੋਣ ਮਗਰੋਂ ਅੱਜ ਉਸ ਦੀ ਦੇਹ ਅਟਾਰੀ-ਵਾਹਗਾ ਸਰਹੱਦ ਰਸਤੇ ਵਾਇਆ ਪਾਕਿਸਤਾਨ ਅਫ਼ਗਾਨਿਸਤਾਨ ਲਈ ਰਵਾਨਾ ਕਰ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮੁਹੰਮਦ ਯੂਨਿਸ 5 ਸਤੰਬਰ ਨੂੰ ਨਵੀਂ ਦਿੱਲੀ ਸਥਿਤ ਇੰਦਰਪ੍ਰਸਥ ਅਪੋਲੋ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਭਾਰਤ ਆਇਆ ਸੀ। ਇਲਾਜ ਦੌਰਾਨ 18 ਸਤੰਬਰ ਨੂੰ ਉਸ ਦੀ ਮੌਤ ਹੋ ਗਈ ਸੀ। ਮ੍ਰਿਤਕ ਮੁਹੰਮਦ ਯੂਨਿਸ ਦਾ ਰਿਸ਼ਤੇਦਾਰ ਅੱਜ ਨਵੀਂ ਦਿੱਲੀ ਤੋਂ ਐਂਬੂਲੈਂਸ ਰਾਹੀਂ ਉਸ ਦੀ ਮ੍ਰਿਤਕ ਦੇਹ ਲੈ ਕੇ ਅਟਾਰੀ ਸਰਹੱਦ (ਆਈਸੀਪੀ) ਪੁੱਜਿਆ, ਜਿਥੇ ਅਫ਼ਗਾਨ ਨਾਗਰਿਕ ਦੀ ਦੇਹ ਸੀਮਾ ਸੁਰੱਖਿਆ ਬਲ ਦੇ ਸਬ-ਇੰਸਪੈਕਟਰ ਅਨਿਲ ਕੁਮਾਰ ਨੇ ਪਾਕਿਸਤਾਨੀ ਰੇਂਜਰ ਇੰਸਪੈਕਟਰ ਨਸੀਰ ਦੇ ਹਵਾਲੇ ਕੀਤੀ।