ਕੋਲਕਾਤਾ, 11 ਸਤੰਬਰ
ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ’ਚ ਹਾਦਸੇ ਦੌਰਾਨ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਬੀਐੱਸਐੱਫ ਦੇ ਜਵਾਨ ਨੂੰ ਬਿਹਤਰ ਇਲਾਜ ਲਈ ਹੈਲੀਕਾਪਟਰ ਰਾਹੀਂ ਕੋਲਕਾਤਾ ਲਿਆਂਦਾ ਗਿਆ। ਮੁਰਸ਼ਿਦਾਬਾਦ ਦੇ ਜਲਾਂਗੀ ਇਲਾਕੇ ’ਚ ਸ਼ਨਿਚਰਵਾਰ ਰਾਤ ਟਰੈਕਟਰ ਪਲਟਣ ਕਾਰਨ 141ਵੀਂ ਬਟਾਲੀਅਨ ਦਾ ਸਿਪਾਹੀ ਸ਼ਬੀਰ ਅਹਿਮਦ ਵਾਨੀ ਜ਼ਖ਼ਮੀ ਹੋ ਗਿਆ ਸੀ। ਬੀਐੱਸਐੱਫ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਵਾਨ ਨੂੰ ਪਹਿਲਾਂ ਬਹਿਰਾਮਪੁਰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਪਰ ਉਸ ਦੀ ਹਾਲਤ ਵਿਗੜਨ ਕਾਰਨ ਡਾਕਟਰਾਂ ਨੇ ਕੋਲਕਾਤਾ ’ਚ ਬਿਹਤਰ ਇਲਾਜ ਲਈ ਭੇਜਣ ਦੀ ਸਲਾਹ ਦਿੱਤੀ। ਇਸ ਲਈ ਭਾਰਤੀ ਹਵਾਈ ਸੈਨਾ ਨੂੰ ਹੈਲੀਕਾਪਟਰ ਭੇਜਣ ਦੀ ਬੇਨਤੀ ਕੀਤੀ ਗਈ। ਜਵਾਨ ਨੂੰ ਕੋਲਕਾਤਾ ਦੇ ਐੱਸਐੱਸਕੇਐੱਮ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਹੁਣ ਸਥਿਰ ਹੈ। ਉਧਰ ਹਵਾਈ ਸੈਨਾ ਨੇ ਇਕ ਬਿਆਨ ’ਚ ਕਿਹਾ ਕਿ ਐੱਮਆਈ-17 ਵੀ5 ਹੈਲੀਕਾਪਟਰ ਨੇ ਜਵਾਨ ਨੂੰ ਕ੍ਰਿਸ਼ਨਾਨਗਰ ਤੋਂ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਾਇਆ। ਹੈਲੀਕਾਪਟਰ ’ਚ ਮੈਡੀਕਲ ਟੀਮ ਵੀ ਸਵਾਰ ਸੀ ਅਤੇ ਜ਼ਖ਼ਮੀ ਮਰੀਜ਼ ਨੂੰ ਦਮਦਮ ਹਵਾਈ ਅੱਡੇ ’ਤੇ ਮੌਜੂਦ ਦੂਜੀ ਟੀਮ ਦੇ ਹਵਾਲੇ ਕਰ ਦਿੱਤਾ ਗਿਆ ਸੀ ਜੋ ਉਸ ਨੂੰ ਹਸਪਤਾਲ ਲੈ ਗਈ। -ਪੀਟੀਆਈ