ਕਾਨਪੁਰ (ਉੱਤਰ ਪ੍ਰਦੇਸ਼), 11 ਜੂਨ
ਇਥੇ 3 ਜੂਨ ਨੂੰ ਭੜਕੀ ਹਿੰਸਾ ਦੇ ਇਕ ਹਫਤੇ ਮਗਰੋਂ ਕਾਨਪੁਰ ਵਿਕਾਸ ਅਥਾਰਿਟੀ ਨੇ ਹਿੰਸਾ ਫੈਲਾਉਣ ਵਾਲੇ ਮੁੱਖ ਮੁਲਜ਼ਮ ਦੇ ਕਰੀਬੀ ਸਹਿਯੋਗੀ ਦੀ ਉੱਚੀ ਇਮਾਰਤ ਨੂੰ ਢਾਹ ਦਿੱਤਾ ਹੈ। ਪੁਲੀਸ ਨੇ ਸ਼ਨਿਚਰਵਾਰ ਨੂੰ ਹਿੰਸਕ ਘਟਨਾ ਦੇ ਮੁਲਜ਼ਮ ਸਮਾਜਵਾਦੀ ਪਾਰਟੀ ਦੀ ਜ਼ਿਲ੍ਹਾ ਇਕਾਈ ਦੇ ਸਾਬਕਾ ਸਕੱਤਰ ਨਿਜਾਮ ਕੁਰੈਸ਼ੀ ਨੂੰ ਇਥੋਂ ਗ੍ਰਿਫ਼ਤਾਰ ਕਰ ਲਿਆ। ਇਸੇ ਦੌਰਾਨ ਮੁੱਖ ਸਾਜ਼ਿਸ਼ਘੜਤਾ ਸਣੇ ਚਾਰ ਮੁਲਜ਼ਮਾਂ ਨੂੰ ਅਦਾਲਤ ਦੇ ਨਿਰਦੇਸ਼ਾਂ ਤਹਿਤ ਤਿੰਨ ਦਿਨਾਂ ਲਈ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਜਾਇੰਟ ਪੁਲੀਸ ਕਮਿਸ਼ਨਰ ਆਨੰਦ ਪ੍ਰਕਾਸ਼ ਤਿਵਾੜੀ ਨੇ ਅੱਜ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਾਨਪੁਰ ਵਿਕਾਸ ਅਥਾਰਿਟੀ ਨੇ ਮੁਹੰਮਦ ਇਸ਼ਤਿਆਕ ਦੀ ਮਲਕੀਅਤ ਵਾਲੀ ਨਵੀਂ ਉਸਾਰੀ ਇਮਾਰਤ ਨੂੰ ਢਾਹ ਦਿੱਤੀ ਹੈ। ਇਸ਼ਤਿਆਕ ਇਸ ਹਿੰਸਾ ਮਾਮਲੇ ਦੇ ਮੁੱਖ ਮੁਲਜ਼ਮ ਹਿਆਤ ਹਾਸ਼ਮੀ ਦਾ ਕਰੀਬੀ ਰਿਸ਼ਤੇਦਾਰ ਕਿਹਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਹਿੰਸਾ ਭਾਜਪਾ ਦੇ ਦੋ ਮੁਅੱਤਲ ਆਗੂਆਂ ਨੁਪੂੁਰ ਸ਼ਰਮਾ ਤੇ ਨਵੀਨ ਜਿੰਦਲ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਵਿਵਾਦਤ ਟਿੱਪਣੀਆਂ ਕਾਰਨ ਫੈਲੀ ਸੀ। ਇਹ ਇਮਾਰਤ ਕਾਨਪੁਰ ਦੇ ਸਵਰੂਪਨਗਰ ਵਿੱਚ ਉਸਾਰੀ ਗਈ ਸੀ। -ਪੀਟੀਆਈ