ਮੁੰਬਈ, 9 ਜਨਵਰੀ
ਸ਼ਿਵ ਸੈਨਾ ਦੇ ਦੋਫਾੜ ਹੋਣ ਤੋਂ ਬਾਅਦ ਪਾਰਟੀ ਦੇ ਦੋਵੇਂ ਗਰੁੱਪਾਂ ਦੇ ਵਿਧਾਇਕਾਂ ਦੀ ਅਯੋਗਤਾ ਸਬੰਧੀ ਇਕ ਦੂਜੇ ਦੀ ਪਟੀਸ਼ਨ ’ਤੇ ਵਿਧਾਨ ਸਭਾ ਦੇ ਸਪੀਕਰ ਦੇ ਮਹੱਤਵਪੂਰਨ ਫੈਸਲੇ ਤੋਂ ਪਹਿਲਾਂ ਮੰਗਲਵਾਰ ਨੂੰ ਮਹਾਰਾਸ਼ਟਰ ’ਚ ਸਿਆਸੀ ਪਾਰਾ ਚੜ੍ਹ ਗਿਆ। ਮਾਮਲੇ ’ਚ ਸਪੀਕਰ ਦੇ ਫੈਸਲੇ ਤੋਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਧਵ ਠਾਕਰੇ ਦੀ ਅਗਵਾਈ ਵਾਲੀਆਂ ਦੋਵੇਂ ਧਿਰਾਂ ਦਾ ਅਗਲਾ ਰਾਹ ਤੈਅ ਹੋਵੇਗਾ। ਫੈਸਲੇ ਤੋਂ ਪੁਰਬਲੀ ਸੰਧਿਆ ’ਤੇ ਵਿਰੋਧ ਜਤਾਉਂਦਿਆਂ ਵਿਰੋਧੀ ਸ਼ਿਵ ਸੈਨਾ (ਯੂਬੀਟੀ) ਆਗੂ ਉਧਵ ਠਾਕਰੇ ਨੇ ਸੁਪਰੀਮ ਕੋਰਟ ’ਚ ਹਲਫ਼ਨਾਮਾ ਦੇ ਕੇ ਸ਼ਿਵ ਸੈਨਾ ਵਿਧਾਇਕਾਂ ਦੀ ਅਯੋਗਤਾ ਸਬੰਧੀ ਪਟੀਸ਼ਨ ’ਤੇ ਫੈਸਲੇ ਤੋਂ ਪਹਿਲਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਵਿਚਾਲੇ ਹੋਈ ਮੀਟਿੰਗ ’ਤੇ ਇਤਰਾਜ਼ ਜਤਾਇਆ। ਵਿਧਾਨ ਸਭਾ ਅਧਿਕਾਰੀਆਂ ਨੇ ਦੱਸਿਆ ਕਿ ਅਯੋਗਤਾ ਸਬੰਧੀ ਪਟੀਸ਼ਨਾਂ ’ਤੇ ਨਾਰਵੇਕਰ 10 ਜਨਵਰੀ ਦੀ ਸ਼ਾਮ ਚਾਰ ਵਜੇ ਫੈਸਲਾ ਸੁਣਾਉਣਗੇ। ਪਾਰਟੀ ਦੀ ਵੰਡ ਦੇ 18 ਮਹੀਨੇ ਤੋਂ ਵਧ ਸਮੇਂ ਮਗਰੋਂ ਇਹ ਫੈਸਲਾ ਸੁਣਾਇਆ ਜਾਵੇਗਾ। ਸ਼ਿਵ ਸੈਨਾ ’ਚ ਹੋਈ ਇਸ ਵੰਡ ਤੋਂ ਬਾਅਦ ਸੂਬੇ ਦੀ ਉੂਧਵ ਠਾਕਰੇ ਦੀ ਅਗਵਾਈ ਵਾਲੀ ਐਮਵੀਏ ਸਰਕਾਰ ਟੁੱਟ ਗਈ ਸੀ। ਠਾਕਰੇ ਨੇ ਬਾਂਦਰਾ ਸਥਿਤ ਆਪਣੇ ਨਿਵਾਸ ‘ਮਾਤੋਸ੍ਰੀ’ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਜੇ ਜੱਜ (ਨਾਰਵੇਕਰ) ਦੋਸ਼ੀ ਨੂੰ ਮਿਲਣ ਜਾਂਦੇ ਹਨ ਤਾਂ ਸਾਨੂੰ ਜੱਜ ਤੋਂ ਕੀ ਉਮੀਦ ਰੱਖਣੀ ਚਾਹੀਦੀ ਹੈ।’’ ਇਸ ’ਤੇ ਜਵਾਬ ਦਿੰਦਿਆਂ ਨਾਰਵੇਕਰ ਨੇ ਕਿਹਾ ਕਿ ਠਾਕਰੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਿਧਾਨ ਸਭਾ ਦਾ ਸਪੀਕਰ ਕਿਸ ਮਕਸਦ ਲਈ ਮੁੱਖ ਮੰਤਰੀ ਨਾਲ ਮਿਲ ਸਕਦਾ ਹੈ। ਨਾਰਵੇਕਰ ਨੇ ਤਰਕ ਦਿੱਤਾ, ‘‘ਜੇ ਉਹ ਹੁਣ ਵੀ ਅਜਿਹੀ ਦੇਸ਼ ਲਗਾਉਂਦਾ ਹਨ ਤਾਂ ਉਨ੍ਹਾਂ ਦਾ ਮਦਸਦ ਸਪਸ਼ਟ ਹੈ। ਅਜਿਹਾ ਕੋਈ ਨਿਯਮ ਨਹੀਂ ਹੈ ਕਿ ਅਯੋਗਤਾ ਪਟੀਸ਼ਨਾਂ ਦੀ ਸੁਣਵਾਈ ਕਰਦੇ ਸਮੇਂ ਵਿਧਾਨ ਸਭਾ ਦਾ ਸਪੀਕਰ ਕੋਈ ਹੋਰ ਕੰਮ ਨਹੀਂ ਕਰ ਸਕਦਾ।’’ ਸਪੀਕਰ ਨੇ ਐਤਵਾਰ ਨੂੰ ਮੁੱਖ ਮੰਤਰੀ ਏਕਨਾਥ ਸ਼ਿੰਦੇ ਨਾਲ ਮੁਲਾਕਾਤ ਕੀਤੀ ਸੀ। -ਪੀਟੀਆਈ