ਬੰਗਲੁਰੂ, 10 ਜੂਨ
ਕਾਂਗਰਸ ਨੇ ਰਾਜ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਮਲਿਕਾਰਜੁਨ ਖੜਗੇ ਅਤੇ ਉਨ੍ਹਾਂ ਦੇ ਵਿਧਾਇਕ ਪੁੱਤਰ ਪ੍ਰਿਯਾਂਕ ਖੜਕੇ ਨੂੰ ਫੋਨ ’ਤੇ ਧਮਕੀ ਦੇਣ ਦੇ ਮਾਮਲੇ ਦੀ ਜਾਂਚ ਲਈ ਸਿੱਟ ਬਣਾਉਣ ਦੀ ਮੰਗ ਕੀਤੀ ਹੈ। ਪਾਰਟੀ ਦੀ ਕਰਨਾਟਕ ਇਕਾਈ ਦੇ ਪ੍ਰਮੁੱਖ ਡੀ ਕੇ ਸ਼ਿਵਕੁਮਾਰ ਨੇ ਟਵੀਟ ਕੀਤਾ, ‘ਮਲਿਕਾਰਜੁਨ ਖੜਗੇ ਅਤੇ ਪ੍ਰਿਯਾਂਕ ਖੜਗੇ ਨੂੰ ਫੋਨ ’ਤੇ ਧਮਕੀ ਦੇਣਾ ਸੁਰੱਖਿਆ ਦਾ ਗੰਭੀਰ ਮਸਲਾ ਹੈ ਅਤੇ ਸਰਕਾਰ ਨੂੰ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ।’ ਉਨ੍ਹਾਂ ਟਵੀਟ ਵਿੱਚ ਕਿਹਾ, ‘ ਮੈਂ ਦੋਸ਼ੀਆਂ ਨੂੰ ਫੜਨ ਲਈ ਕਰਨਾਟਕ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਤੋਂ ਤੁਰਤ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨ ਦੀ ਅਪੀਲ ਕਰਦਾ ਹਾਂ। ’ ਕਾਬਿਲੇਗੌਰ ਹੈ ਕਿ ਸਾਬਕਾ ਮੰਤਰੀ ਪ੍ਰਿਯਾਂਕ ਖੜਗੇ ਨੇ ਡੀਜੀਪੀ ਪ੍ਰਵੀਣ ਸੂਦ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਐਤਵਾਰ ਤੜਕੇ ਉਸ ਨੂੰ ਅਤੇ ਉਸ ਦੇ ਪਿਤਾ ਨੂੰ ਕਿਸੇ ਨੇ ਫੋਨ ’ਤੇ ਧਮਕੀ ਦਿੱਤੀ ਹੈ।