ਨਵੀਂ ਦਿੱਲੀ: ਕੇਂਦਰ ਨੇ ਪਹਿਲੀ ਮਈ ਤੋਂ 18 ਤੋਂ 45 ਸਾਲ ਤੱਕ ਦੇ ਵਿਅਕਤੀਆਂ ਲਈ ਟੀਕਾਕਰਨ ਮੁਹਿੰਮ ਚਲਾਉਣ ਤੋਂ ਪਹਿਲਾਂ ਸੂਬਿਆਂ ਨੂੰ ਕਿਹਾ ਹੈ ਕਿ ਉਹ ਵਧੇਰੇ ਪ੍ਰਾਈਵੇਟ ਵੈਕਸੀਨੇਸ਼ਨ ਸੈਂਟਰ ਸਥਾਪਤ ਕਰਨ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਅਤੇ ਉੱਚ ਤਾਕਤੀ ਗਰੁੱਪ ਦੇ ਚੇਅਰਮੈਨ ਆਰ ਐੱਸ ਸ਼ਰਮਾ ਨੇ ਬੈਠਕ ਕਰਕੇ ਟੀਕਾਕਰਨ ਦੇ ਤੀਜੇ ਗੇੜ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਮੌਜੂਦਾ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ। ਮੰਤਰਾਲੇ ਨੇ ਕਿਹਾ ਕਿ ਸੂਬੇ ਵੈਕਸੀਨ ਹਾਸਲ ਕਰਨ ਵਾਲੇ ਹਸਪਤਾਲਾਂ ਦੀ ਗਿਣਤੀ ’ਤੇ ਵੀ ਨਜ਼ਰ ਰੱਖਣ। ਉਨ੍ਹਾਂ 18 ਤੋਂ 45 ਸਾਲ ਤੱਕ ਦੇ ਵਿਅਕਤੀਆਂ ਨੂੰ ਟੀਕਾਕਰਨ ਲਈ ਆਨਲਾਈਨ ਰਜਿਸਟਰੇਸ਼ਨ ਦਾ ਪ੍ਰਚਾਰ ਕਰਨ ਲਈ ਕਿਹਾ। ਉਨ੍ਹਾਂ ਸੂਬਿਆਂ ਨੂੰ ਡੀਆਰਡੀਓ, ਸੀਐੱਸਆਈਆਰ ਜਾਂ ਹੋਰ ਅਦਾਰਿਆਂ ਵੱਲੋਂ ਬਣਾਏ ਗਏ ਹਸਪਤਾਲਾਂ ਦੀ ਪਛਾਣ ਕਰਨ ਲਈ ਵੀ ਕਿਹਾ। ਕੇਂਦਰ ਨੇ ਸੂਬਿਆਂ ਨੂੰ ਆਕਸੀਜਨ ਵਾਲੇ ਬੈੱਡਾਂ, ਆਈਸੀਯੂ ਬੈੱਡਾਂ ਅਤੇ ਆਕਸੀਜਨ ਸਪਲਾਈ ਯਕੀਨੀ ਬਣਾਉਣ ਅਤੇ ਡਾਕਟਰਾਂ ਤੇ ਨਰਸਾਂ ਨੂੰ ਸਿਖਲਾਈ ਦੇਣ ਲਈ ਕਿਹਾ। -ਪੀਟੀਆਈ