ਨਵੀਂ ਦਿੱਲੀ, 12 ਜੁਲਾਈ
ਕੇਂਦਰ ਨੇ ਬੁੱਧਵਾਰ ਨੂੰ ਸਹਿਕਾਰੀ ਅਦਾਰਿਆਂ ਕੌਮੀ ਸਹਿਕਾਰੀ ਮਾਰਕੀਟਿੰਗ ਫੈੱਡਰੇਸ਼ਨ (ਨੈਫੇਡ) ਅਤੇ ਕੌਮੀ ਸਹਿਕਾਰੀ ਖ਼ਪਤਕਾਰ ਫੈੱਡਰੇਸ਼ਨ (ਐੱਨਸੀਸੀਐੱਫ) ਨੂੰ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਤੋਂ ਟਮਾਟਰ ਖਰੀਦਣ ਦਾ ਨਿਰਦੇਸ਼ ਦਿੱਤਾ ਹੈ। ਆਮ ਲੋਕਾਂ ਨੂੰ ਰਾਹਤ ਦੇਣ ਵਾਸਤੇ ਪ੍ਰਮੁੱਖ ਖ਼ਪਤਕਾਰ ਕੇਂਦਰਾਂ ’ਤੇ ਘੱਟ ਦਰਾਂ ’ਤੇ ਟਮਾਟਰ ਵੰਡੇ ਜਾਣਗੇ। ਜ਼ਿਕਰਯੋਗ ਹੈ ਕਿ ਪਿਛਲੇ ਇਕ ਮਹੀਨੇ ਵਿੱਚ ਟਮਾਟਰ ਦੀਆਂ ਪ੍ਰਚੂਨ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ।
ਖ਼ਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਨੇ ਇਕ ਬਿਆਨ ਰਾਹੀਂ ਕਿਹਾ ਕਿ 14 ਜੁਲਾਈ ਤੋਂ ਦਿੱਲੀ-ਐੱਨਸੀਆਰ ਦੇ ਖ਼ਪਤਕਾਰਾਂ ਨੂੰ ਘਟੀਆਂ ਕੀਮਤਾਂ ’ਤੇ ਪ੍ਰਚੂਨ ਦੀਆਂ ਦੁਕਾਨਾਂ ਰਾਹੀਂ ਟਮਾਟਰ ਵੇਚੇ ਜਾਣਗੇ। ਭਾਰੀ ਮੀਂਹ ਕਾਰਨ ਸਪਲਾਈ ਪ੍ਰਭਾਵਿਤ ਹੋਣ ਕਰ ਕੇ ਦੇਸ਼ ਦੇ ਕਈ ਹਿੱਸਿਆਂ ਵਿੱਚ ਟਮਾਟਰ ਦੀਆਂ ਪ੍ਰਚੂਨ ਕੀਮਤਾਂ 200 ਰੁਪਏ ਕਿੱਲੋ ਤੱਕ ਵਧ ਗਈਆਂ ਹਨ।
ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਮੁਤਾਬਕ ਪਿਛਲੇ ਇਕ ਮਹੀਨੇ ਵਿੱਚ ਜਿਨ੍ਹਾਂ ਥਾਵਾਂ ’ਤੇ ਪ੍ਰਚੂਨ ਕੀਮਤਾਂ ਕੌਮੀ ਔਸਤ ਨਾਲੋਂ ਵੱਧ ਰਹੀਆਂ ਹਨ ਉੱਥੇ ਟਮਾਟਰ ਘਟੀਆਂ ਕੀਮਤਾਂ ’ਤੇ ਵੰਡੇ ਜਾਣਗੇ। ਮੰਤਰਾਲੇ ਮੁਤਾਬਕ ਜਿਨ੍ਹਾਂ ਥਾਵਾਂ ’ਤੇ ਟਮਾਟਰ ਦੀ ਖ਼ਪਤ ਜ਼ਿਆਦਾ ਹੈ, ਵੰਡਣ ਲਈ ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇਗੀ। -ਪੀਟੀਆਈ