ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਦਸੰਬਰ
ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਯੂਨੀਅਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਕਰੀਰ ਨੂੰ ਕਿਸਾਨਾਂ ’ਚ ‘ਵੰਡੀਆਂ ਤੇ ਕੁਰਾਹੇ’ ਪਾਉਣ ਦਾ ਯਤਨ ਕਰਾਰ ਦਿੱਤਾ ਹੈ। ਕਿਸਾਨ ਆਗੂਆਂ ਨੇ ਸਾਫ਼ ਕਰ ਦਿੱਤਾ ਕਿ ਖੇਤੀ ਕਾਨੂੰਨ ਰੱਦ ਕਰਨ ਦੇ ਨਾਲ ਨਾਲ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਾਰੰਟੀ ਚਾਹੁੰਦੇ ਹਨ। ਚੇਤੇ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਛੇ ਰਾਜਾਂ ਦੇ ਕਿਸਾਨਾਂ ਦੇ ਰੂਬਰੂ ਹੁੰਦਿਆਂ ਦਾਅਵਾ ਕੀਤਾ ਸੀ ਕਿ ਕੁਝ ਸਿਆਸੀ ਵਿਰੋਧੀ ਆਪਣੇ ਨਿੱਜੀ ਏਜੰਡਿਆਂ ਦੀ ਪੂਰਤੀ ਲਈ ਕਿਸਾਨ ਅੰਦੋਲਨ ਦੀ ਦੁਰਵਰਤੋਂ ਕਰ ਰਹੇ ਹਨ। ਉਧਰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਰਮਿਆਨ ਕੇਂਦਰ ਸਰਕਾਰ ਵੱਲੋਂ ਗੱਲਬਾਤ ਦੀ ਭੇਜੀ ਗਈ ਚਿੱਠੀ ਦਾ ਜਵਾਬ ਦੇਣ ਬਾਰੇ ਸਹਿਮਤੀ ਨਹੀਂ ਬਣੀ ਅਤੇ ਉਹ ਭਲਕੇ ਫਿਰ ਬੈਠਕ ਕਰਨਗੇ। ਉਂਜ ਦਿੱਲੀ ਦੀਆਂ ਬਰੂਹਾਂ ਉਪਰ ਬੈਠੇ ਹਜ਼ਾਰਾਂ ਕਿਸਾਨਾਂ ਨਾਲ ਇਸ ਅੰਦੋਲਨ ਨੂੰ ਅੱਗੇ ਲੈ ਕੇ ਜਾਣ ਦੀ ਰਣਨੀਤੀ ਬਾਰੇ ਅੱਜ ਲੰਬੀ ਚਰਚਾ ਹੋਈ। ਹੁਣ ਹੋਰ ਰਾਜਾਂ ਦੇ ਆਗੂਆਂ ਦੀ ਰਾਏ ਲੈਣ ਲਈ ਵੀ ਸਮਾਂ ਲਿਆ ਗਿਆ ਹੈ। ਸੂਤਰਾਂ ਮੁਤਾਬਕ ਕਿਸਾਨ ਆਗੂ ਹਰ ਫ਼ੈਸਲਾ ਆਮ ਸਹਿਮਤੀ ਨਾਲ ਲੈਣਾ ਚਾਹੁੰਦੇ ਹਨ ਤਾਂ ਜੋ ਕੇਂਦਰ ਨੂੰ ਠੋਸ ਸੰਦੇਸ਼ ਜਾਵੇ।
ਕਿਸਾਨ ਆਗੂ ਅਭਿਮੰਨਿਊ ਕੋਹਾਰ ਨੇ ਦੋਸ਼ ਲਾਇਆ ਕਿ ਸਰਕਾਰ ਅੰਦੋਲਨ ਨੂੰ ਜਾਣਬੁੱਝ ਕੇ ਕਿਸੇ ਹੋਰ ਪਾਸੇ ਲਿਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨਾਂ ਕਿਸੇ ਵੀ ਸਿਆਸੀ ਪਾਰਟੀ ਨੂੰ ਆਪਣਾ ਮੰਚ ਵਰਤਣ ਦੀ ਇਜਾਜ਼ਤ ਨਹੀਂ ਦਿੰਦੀਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਝੂਠ ਬੋਲ ਰਹੇ ਹਨ ਅਤੇ ਦਿੱਲੀ ਦੀ ਸਰਹੱਦ ’ਤੇ ਪ੍ਰਦਰਸ਼ਨ ਕਰਦਿਆਂ ਇਕ ਮਹੀਨਾ ਹੋ ਗਿਆ ਹੈ ਪਰ ਕਿਸਾਨਾਂ ਨੇ ਕਿਸੇ ਵੀ ਸਿਆਸਤਦਾਨ ਨੂੰ ਆਪਣਾ ਮੰਚ ਵਰਤਣ ਦੀ ਪੇਸ਼ਕਸ਼ ਨਹੀਂ ਕੀਤੀ ਹੈ ਸਗੋਂ ਉਨ੍ਹਾਂ ਸਿਆਸੀ ਪਾਰਟੀਆਂ ’ਤੇ ਪਾਬੰਦੀ ਲਾਈ ਹੋਈ ਹੈ ਅਤੇ ਇਹ ਕੋਈ ਸਿਆਸੀ ਅੰਦੋਲਨ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਨ ਦੌਰਾਨ ਦਾਅਵਾ ਕੀਤਾ ਕਿ ਖੇਤੀ ਕਾਨੂੰਨ ਕਿਸਾਨਾਂ ਲਈ ਲਾਹੇਵੰਦ ਹਨ ਪਰ ਉਨ੍ਹਾਂ ਇਹ ਚਾਨਣਾ ਨਹੀਂ ਪਾਇਆ ਕਿ ਨਵੇਂ ਕਾਨੂੰਨ ਕਿਸਾਨਾਂ ਲਈ ਕਿਵੇਂ ਲਾਹੇਵੰਦ ਹੋਣਗੇ।
ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਚੋਣ ਰੈਲੀਆਂ ਦੌਰਾਨ ਪ੍ਰਧਾਨ ਮੰਤਰੀ ਕਹਿੰਦੇ ਨਹੀਂ ਥੱਕਦੇ ਕਿ ਐੱਮਐੱਸਪੀ ਬਰਕਰਾਰ ਰਹੇਗੀ। ‘ਫਿਰ ਉਹ ਇਸ ਨੂੰ ਕਾਨੂੰਨੀ ਗਾਰੰਟੀ ਦੇਣ ਤੋਂ ਕਿਉਂ ਡਰਦੇ ਹਨ? ਸਰਕਾਰ ਇਸ ਬਾਰੇ ਲਿਖਤ ’ਚ ਕਿਉਂ ਨਹੀਂ ਦਿੰਦੀ।’ ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਆਪਣੇ ਭਾਸ਼ਨ ਦੌਰਾਨ ਕਿਸਾਨਾਂ ਨੂੰ ਵੰਡਣ ਅਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ‘ਚੋਣ ਰੈਲੀਆਂ ’ਚ ਉਹ ਆਖਦੇ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਐੱਮ ਐੱਸ ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਿਸ਼ਾਂ ਮੁਤਾਬਕ ਐੱਮਐੱਸਪੀ ਮਿੱਥੀ ਹੈ ਪਰ ਅਦਾਲਤ ’ਚ ਉਹ ਆਖਦੇ ਨੇ ਅਜਿਹਾ ਕਰਨਾ ਸੰਭਵ ਨਹੀਂ ਹੈ।’ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸਕੱਤਰ ਅਵਿਕ ਸਾਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਛੇ ਰਾਜਾਂ ਦੇ ਕਿਸਾਨਾਂ ਨੂੰ ਸੰਬੋਧਨ ਕੀਤਾ, ਪਰ ਹੈਰਾਨੀ ਹੁੰਦੀ ਹੈ ਕਿ ਉਹ ਸੰਘਰਸ਼ਸ਼ੀਲ ਕਿਸਾਨਾਂ ਦੇ ਮੁੱਦਿਆਂ ਨੂੰ ਮੁਖਾਤਬਿ ਕਿਉਂ ਨਹੀਂ ਹੁੰਦੇ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਸਰਕਾਰ ਦਾ ਇਹ ਦਾਅਵਾ ਨਿਰਾ ‘ਝੂਠ’ ਹੈ ਕਿ ਕੁਝ ਕਿਸਾਨ ਤਿੰਨ ਖੇਤੀ ਕਾਨੂੰਨਾਂ ਦੀ ਹਮਾਇਤ ਕਰਦੇ ਹਨ। ਮਹਿਮਾ ਨੇ ਕਿਹਾ, ‘‘ਦਿੱਲੀ ਆਉਣ ਤੋਂ ਪਹਿਲਾਂ ਅਸੀਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ‘ਆਪ’ ਜਿਹੀਆਂ ਸਿਆਸੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਸੀ, ਫਿਰ ਇਹ ਸਿਆਸੀ ਪਾਰਟੀਆਂ ਸਾਨੂੰ ਕਿਵੇਂ ਕੁਰਾਹੇ ਪਾ ਸਕਦੀਆਂ ਹਨ?’’
ਦਿੱਲੀ ’ਚ ਕਿਸਾਨ ਮੋਰਚੇ ਦਾ ਮਹੀਨਾ ਪੂਰਾ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਦਿੱਲੀ ਦੇ ਸਿੰਘੂ ਬਾਰਡਰ ’ਤੇ 26 ਨਵੰਬਰ ਤੋਂ ਸ਼ੁਰੂ ਹੋਏ ਧਰਨੇ ਨੂੰ ਅੱਜ ਇਕ ਮਹੀਨਾ ਪੂਰਾ ਹੋ ਗਿਆ ਹੈ ਤੇ ਧਰਨੇ ਵਿੱਚ ਸ਼ਾਮਲ ਕਿਸਾਨਾਂ ਦਾ ਉਤਸ਼ਾਹ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਕਈ ਕਿਸਾਨਾਂ ਤੇ ਯੂਨੀਅਨ ਆਗੂਆਂ ਨੇ ਕਿਹਾ ਕਿ ਪਤਾ ਹੀ ਨਹੀਂ ਲੱਗਾ ਕਦੋਂ ਇਕ ਮਹੀਨਾ ਲੰਘ ਗਿਆ। ਉਹ ਹੋਰ ਛੇ ਮਹੀਨੇ ਇੱਥੇ ਬੈਠਣ ਲਈ ਮਾਨਸਿਕ ਤੌਰ ’ਤੇ ਤਿਆਰ ਹਨ। ਕਿਸਾਨ ਆਗੂ ਜੰਗਬੀਰ ਸਿੰਘ ਚੌਹਾਨ ਮੁਤਾਬਕ ਕਿਸਾਨ ਆਗੂਆਂ ਦਾ ਦਿਨ ਤਿਆਰੀ ਨਾਲ ਸ਼ੁਰੂ ਹੁੰਦਾ ਹੈ ਤੇ ਰਾਤ ਤੱਕ ਚੱਲ ਸੋ ਚੱਲ ਰਹਿੰਦੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਯੂਥ ਆਗੂ ਭੁਪਿੰਦਰ ਸਿੰਘ ਤਲਵੰਡੀ ਨੇ ਕਿਹਾ ਕਿ ਸੰਘਰਸ਼ ਲੰਬਾ ਕਰਨ ਦੀ ਰਣਨੀਤੀ ਕਿਸਾਨ ਪਹਿਲਾਂ ਹੀ ਭਾਂਪ ਚੁੱਕੇ ਸਨ ਇਸੇ ਕਰਕੇ ਉਹ ਮਾਨਸਿਕ ਤੌਰ ’ਤੇ ਤਿਆਰ ਹਨ। ਕਿਸਾਨਾਂ ਦੇ ਜਥੇ ਆਉਂਦੇ ਜਾਂਦੇ ਰਹਿੰਦੇ ਹਨ ਜਿਸ ਕਰਕੇ ਧਰਨੇ ’ਚ ਸ਼ਾਮਲ ਲੋਕ ਥੱਕਦੇ ਨਹੀਂ। ਹੁਣ ਗਾਜ਼ੀਪੁਰ ਧਰਨੇ ਵਿੱਚ ਸ਼ਾਮਲ ਤੇ ਪਹਿਲਾਂ ਸਿੰਘੂ ਧਰਨੇ ਵਿੱੱਚ ਸ਼ਾਮਲ ਰਹੇ ਬਿਲਾਸਪੁਰ (ਰਾਮਪੁਰ) ਦੇ ਕਿਸਾਨ ਗੁਰੀ ਰੰਧਾਵਾ ਨੇ ਕਿਹਾ ਕਿ ਇਨ੍ਹਾਂ ਧਰਨਿਆਂ ਵਿੱਚ ਕਈ ਨਵੇਂ ਲੋਕਾਂ ਨਾਲ ਮਿਲਣ ਤੇ ਵਿਚਾਰ ਜਾਣਨ ਦਾ ਮੌਕਾ ਮਿਲਿਆ ਹੈ। ਅਲੀਪੁਰ ਤੇ ਕਿਸਾਨ ਸੰਜੇ ਮਾਨ ਨੇ ਕਿਹਾ ਕਿ ਉਨ੍ਹਾਂ ਪੰਜਾਬ ਤੇ ਹਰਿਆਣਾ ਦੇ ਸੱਭਿਆਚਾਰ ਨੇੜਿਉਂ ਦੇਖੇ। ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਰਾਕੇਸ਼ ਟਿਕੈਤ ਵੀ ਲੰਗਰ ਪ੍ਰਥਾ ਦੇ ਕਾਇਲ ਹੋਏ ਹਨ। ਟਿਕਰੀ ਖੁਰਦ (ਨੇੜੇ ਸਿੰਘੂ) ਦੇ ਕਿਸਾਨ ਦੀਪ ਖੱਤਰੀ ਮੁਤਾਬਕ ਉਹ ਰੋਜ਼ਾਨਾ ਸਿੰਘੂ ਬਾਰਡਰ ਜਾਂਦਾ ਹੈ। ਪੰਜਾਬ ਤੋਂ ਆਏ ਕਈ ਕਿਸਾਨਾਂ ਨੇ ਦੱਸਿਆ ਕਿ ਪਿੱਛੇ ਪਿੰਡਾਂ ਵਿੱਚ ਰਹਿ ਗਏ ਨੌਜਵਾਨ ਧਰਨਿਆਂ ’ਚ ਸ਼ਾਮਲ ਲੋਕਾਂ ਦੀਆਂ ਫਸਲਾਂ ਸਾਂਭ ਰਹੇ ਹਨ ਤੇ ਪਸ਼ੂ ਪਾਲ ਰਹੇ ਹਨ।
ਉਤਰਾਖੰਡ ਦੇ ਕਿਸਾਨਾਂ ਦੇ ਦਿੱਲੀ ਵੱਲ ਚਾਲੇ
ਫਰੀਦਾਬਾਦ (ਕੁਲਵਿੰਦਰ ਕੌਰ ਦਿਓਲ): ਉਤਰਾਖੰਡ ਦੇ ਹਜ਼ਾਰਾਂ ਕਿਸਾਨਾਂ ਨੇ ਅੱਜ ਬਾਜਪੁਰ ਵਿਚ ਉਤਰਾਖੰਡ-ਯੂਪੀ ਬਾਰਡਰ ’ਤੇ ਪੁਲੀਸ ਵਲੋਂ ਲਾਏ ਬੈਰੀਕੇਡ ਤੋੜ ਦਿੱਤੇ ਤੇ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ। ਕਿਸਾਨਾਂ ਨੂੰ ਰੋਕਣ ਲਈ ਉਤਰਾਖੰਡ ਪੁਲੀਸ ਦੇ ਮੁਲਾਜ਼ਮ ਵੱਡੀ ਗਿਣਤੀ ਵਿਚ ਤਾਇਨਾਤ ਸਨ। ਪੁਲੀਸ ਵੱਲੋਂ ਕੀਤੀ ਭਾਰੀ ਬੈਰੀਕੇਡਿੰਗ ਕਿਸਾਨਾਂ ਨੇ ਪੰਜ ਮਿੰਟ ਵਿਚ ਹੀ ਪੁੱਟ ਦਿੱਤੀ। ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਉਤਰਾਖੰਡ ਦੇ ਉੱਚ ਅਧਿਕਾਰੀਆਂ ਨੂੰ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਸੀ ਕਿ ਕਿਸਾਨ ਹਰ ਹਾਲ ਵਿਚ ਦਿੱਲੀ ਜਾਣਗੇ। ਸਿਰਸਾ ਨੇ ਦੱਸਿਆ ਕਿ ਉਤਰਾਖੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਿਸੇ ਸੂਬਾ ਸਰਕਾਰ ਨਾਲ ਟਕਰਾਅ ਨਹੀਂ ਹੈ ਬਲਕਿ ਉਹ ਕਿਸਾਨ ਹਿੱਤਾਂ ਦੀ ਰਾਖੀ ਲਈ ਕੇਂਦਰ ਸਰਕਾਰ ਤੋਂ ਮੰਗਾਂ ਮਨਵਾਉਣ ਖਾਤਰ ਆਏ ਹਨ। ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਲੈ ਕੇ ਦੇਸ਼ ਭਰ ਤੋਂ ਕਿਸਾਨ ਦਿੱਲੀ ਬਾਰਡਰ ’ਤੇ ਪੁੱਜ ਰਹੇ ਹਨ ਤੇ ਪਹਿਲਾਂ ਤੋਂ ਡਟੇ ਹੋਏ ਕਿਸਾਨਾਂ ਦਾ ਸਾਥ ਦੇ ਰਹੇ ਹਨ।