ਰਾਏਪੁਰ, 7 ਫਰਵਰੀ
ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ‘ਉਡਾਨ’ ਸਕੀਮ ਤਹਿਤ ਕਰੀਬ 1000 ਏਅਰ ਰੂਟ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੇਵਾ ਤੋਂ ਬਾਹਰ ਤੇ ਸਮਰੱਥਾ ਨਾਲੋਂ ਘੱਟ ਉਡਾਣਾਂ ਸੰਭਾਲ ਰਹੇ ਹਵਾਈ ਅੱਡਿਆਂ ’ਤੇ ਇਹ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਪੁਰੀ ਨੇ ਨਾਲ ਹੀ ਕਿਹਾ ਕਿ ਇਸ ਖੇਤਰ ਵਿਚ ਨਿੱਜੀਕਰਨ ਜ਼ਰੂਰੀ ਹੈ ਕਿਉਂਕਿ ਸਰਕਾਰ ਕੋਲ ਹਵਾਈ ਅੱਡੇ ਚਲਾਉਣ ਦੀ ਮੁਹਾਰਤ ਨਹੀਂ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ 56 ਹਵਾਈ ਅੱਡੇ ਪਹਿਲਾਂ ਹੀ ਅਪਗ੍ਰੇਡ ਕਰ ਦਿੱਤੇ ਗਏ ਹਨ ਅਤੇ 700 ਤੋਂ ਵੱਧ ਰੂਟ ਵੰਡੇ ਗਏ ਹਨ। 311 ਰੂਟਾਂ ’ਤੇ ‘ਉਡਾਨ’ ਸਕੀਮ ਹੇਠ ਸੇਵਾਵਾਂ ਦਿੱਤੀਆਂ ਜਾਣਗੀਆਂ। ਇਹ ਸਕੀਮ 2017 ਵਿਚ 4500 ਕਰੋੜ ਰੁਪਏ ਦੇ ਬਜਟ ਨਾਲ ਲਾਂਚ ਕੀਤੀ ਗਈ ਸੀ। -ਪੀਟੀਆਈ