ਨਵੀਂ ਦਿੱਲੀ, 6 ਜੂਨ
ਗ੍ਰਹਿ ਮੰਤਰਾਲੇ ਵਿੱਚ ਜੁਆਇੰਟ ਸਕੱਤਰ ਦੀ ਅਗਵਾਈ ਵਾਲੀ ਕੇਂਦਰੀ ਟੀਮ ਜਲਦੀ ਹੀ ਪੱਛਮੀ ਬੰਗਾਲ ਦਾ ਦੌਰਾ ਕਰਕੇ ਚੱਕਰਵਾਤੀ ਤੂਫ਼ਾਨ ‘ਯਾਸ’ ਨਾਲ ਹੋਏ ਨੁਕਸਾਨ ਦੀ ਸਮੀਖਿਆ ਕਰੇਗੀ। ਚੱਕਰਵਾਤੀ ਤੂਫ਼ਾਨ ਨੇ 26 ਮਈ ਨੂੰ ਉੜੀਸਾ ਵਿੱਚ ਦਸਤਕ ਦਿੱਤੀ ਸੀ ਤੇ ਇਸ ਨਾਲ ਪੱਛਮੀ ਬੰਗਾਲ ਸਮੇਤ ਸੂਬੇ ਦਾ ਵੱਡਾ ਹਿੱਸਾ ਅਸਰਅੰਦਾਜ਼ ਹੋਇਆ ਸੀ।
ਚੇਤੇ ਰਹੇ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਚੱਕਰਵਾਤੀ ਤੂਫ਼ਾਨ ਕਰਕੇ ਹੋਏ ਨੁਕਸਾਨ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਈ ਮੀਟਿੰਗ ’ਚੋਂ ਗੈਰਹਾਜ਼ਰ ਰਹੇ ਸਨ।
ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਜੁਆਇੰਟ ਸਕੱਤਰ ਦੀ ਅਗਵਾਈ ਵਾਲੀ ਕੇਂਦਰੀ ਟੀਮ ਚੱਕਰਵਾਤੀ ਤੂਫ਼ਾਨ ਕਰਕੇ ਹੋਏ ਨੁਕਸਾਨ ਦੀ ਸਮੀਖਿਆ ਲਈ ਤਿੰਨ ਰੋਜ਼ਾ ਫੇਰੀ ’ਤੇ ਪੱਛਮੀ ਬੰਗਾਲ ਜਾਏਗੀ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁੱਢਲੀ ਸਮੀਖਿਆ ਮੁਤਾਬਕ ਚੱਕਰਵਾਤੀ ਤੂਫ਼ਾਨ ਨਾਲ ਸੂਬੇ ਵਿੱਚ ਸੰਪਤੀ ਤੇ ਖੇਤੀ ਨੂੰ ਲਗਪਗ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਦਾਅਵਾ ਕੀਤਾ ਸੀ। ਮਮਤਾ ਨੇ ਇਹ ਵੀ ਕਿਹਾ ਸੀ ਕਿ ‘ਯਾਸ’ ਕਰਕੇ 18 ਲੱਖ ਲੋਕ ਅਸਰਅੰਦਾਜ਼ ਹੋਏ ਹਨ ਜਦੋਂਕਿ 2.21 ਲੱਖ ਹੈਕਟੇਅਰ ਰਕਬੇ ਵਿੱਚ ਖੜ੍ਹੀ ਫਸਲ ਤੇ 71,560 ਹੈਕਟੇਅਰ ਰਕਬੇ ’ਚ ਬਾਗ਼ਬਾਨੀ ਖੇਤਰ ਨੁਕਸਾਨਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਮਈ ਨੂੰ ਹਵਾਈ ਸਰਵੇਖਣ ਕਰਕੇ ਪੱਛਮੀ ਬੰਗਾਲ ਵਿੱਚ ਚੱਕਰਵਾਤੀ ਤੂਫ਼ਾਨ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਸੀ। -ਪੀਟੀਆਈ