ਹਰਪ੍ਰੀਤ ਕੌਰ
ਹੁਸ਼ਿਆਰਪੁਰ, 14 ਦਸੰਬਰ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਸਥਾਨਕ ਤਹਿਸੀਲ ਕੰਪਲੈਕਸ ਵਿੱਚ ਪੁੱਜੇ। ਉਨ੍ਹਾਂ ਇੱਥੇ ਲੋਕਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਨਿਰਵਿਘਨ ਮੁਹੱਈਆ ਕਰਵਾਉਣ ਦੀ ਜਾਂਚ ਕੀਤੀ। ਮੁੱਖ ਮੰਤਰੀ ਨੇ ਸ਼ਾਮ ਨੂੰ ਤਹਿਸੀਲ ਕੰਪਲੈਕਸ ਦਾ ਮੁਆਇਨਾ ਕੀਤਾ ਅਤੇ ਕੰਪਲੈਕਸ ਵਿੱਚ ਸਥਿਤ ਵੱਖ-ਵੱਖ ਦਫ਼ਤਰਾਂ ਦੀ ਜਾਂਚ ਕਰਨ ਤੋਂ ਇਲਾਵਾ ਲੋਕਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਤਹਿਸੀਲ ਕੰਪਲੈਕਸ ਵਿੱਚ ਲੋਕਾਂ ਦਾ ਹਾਲ-ਚਾਲ ਪੁੱਛਿਆ। ਦਫ਼ਤਰਾਂ ਵਿੱਚ ਸਟਾਫ਼ ਮੈਂਬਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਮਿਸ਼ਨਰੀ ਭਾਵਨਾ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਡੀਸੀ ਤੇ ਐੱਸਐੱਸਪੀ ਨੂੰ ਕਿਹਾ ਕਿ ਉਹ ਲੋਕਾਂ ਦੇ ਮਸਲੇ ਹੱਲ ਕਰਨ ਲਈ ਤਹਿਸੀਲ ਕੰਪਲੈਕਸ ਵਿੱਚ ਆਪਣੇ ਕੈਂਪ ਦਫ਼ਤਰ ਸਥਾਪਿਤ ਕਰਨ।