ਨਵੀਂ ਦਿੱਲੀ, 1 ਨਵੰਬਰ
ਭਾਰਤੀ ਫ਼ੌਜ ਦੇ ਮੁਖੀ ਮਨੋਜ ਪਾਂਡੇ ਵੱਲੋਂ ਅੱਜ ਰੌਇਲ ਭੂਟਾਨ ਆਰਮੀ ਦੇ ਚੀਫ ਅਪਰੇਸ਼ਨਜ਼ ਅਫਸਰ ਲੈਫਟੀਨੈਂਟ ਜਨਰਲ ਬਾਟੂ ਸ਼ੇਰਿੰਗ ਨਾਲ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ ਗਈ। ਡੋਕਲਾਮ ਪਠਾਰ ਵਿੱਚ ਭੂਟਾਨ ਦੇ ਕਬਜ਼ੇ ਵਾਲੇ ਇਲਾਕੇ ਦੁਆਲੇ ਚੀਨ ਵੱਲੋਂ ਵਧਾਏ ਜਾ ਰਹੇ ਢਾਂਚੇ ਦਰਮਿਆਨ ਦੋਹਾਂ ਦੇਸ਼ਾਂ ਵਿਚਾਲੇ ਫ਼ੌਜੀ ਸਮਝੌਤੇ ਵਧਾਉਣ ਲਈ ਇਹ ਗੱਲਬਾਤ ਹੋਈ ਹੈ।
ਅਧਿਕਾਰੀਆਂ ਨੇ ਕਿਹਾ ਕਿ ਇਹ ਗੱਲਬਾਤ ਭਾਰਤ-ਭੂਟਾਨ ਰੱਖਿਆ ਸਹਿਯੋਗ ਦੇ ਵੱਖ-ਵੱਖ ਪ੍ਰਮੁੱਖ ਪੱਖਾਂ ’ਤੇ ਕੇਂਦਰਿਤ ਸੀ ਅਤੇ ਦੋਵੇਂ ਕਮਾਂਡਰਾਂ ਨੇ ਉੱਭਰ ਰਹੇ ਖੇਤਰੀ ਸੁਰੱਖਿਆ ਦ੍ਰਿਸ਼ ਦੀ ਸਮੀਖਿਆ ਕੀਤੀ। ਜਨਰਲ ਪਾਂਡੇ ਦੇ ਭੂਟਾਨ ਜਾਣ ਤੋਂ ਤਿੰਨ ਮਹੀਨੇ ਬਾਅਦ ਲੈਫਟੀਨੈਂਟ ਜਨਰਲ ਸ਼ੇਰਿੰਗ ਨੇ ਦਿੱਲੀ ਦਾ ਦੌਰਾ ਕੀਤਾ ਹੈ।
ਭਾਰਤੀ ਫ਼ੌਜ ਨੇ ਟਵੀਟ ਕੀਤਾ, ‘‘ਜਨਰਲ ਮਨੋਜ ਪਾਂਡੇ #ਸੀਓਏਐੱਸ ਵੱਲੋਂ ਰੌਇਲ ਭੂਟਾਨ ਆਰਮੀ ਦੇ ਚੀਫ ਅਪਰੇਸ਼ਨਜ਼ ਅਫ਼ਸਰ ਲੈਫਟੀਨੈਂਟ ਜਨਰਲ ਬਾਟੂ ਸ਼ੇਰਿੰਗ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਗਈ।’’
ਭੂਟਾਨ ਦੇ ਕਮਾਂਡਰ ਨੇ ਕੌਮੀ ਜੰਗੀ ਯਾਦਗਾਰ ਵਿਖੇ ਦੇਸ਼ ਦੇ ਸ਼ਹੀਦ ਹੋ ਚੁੱਕੇ ਨਾਇਕਾਂ ਨੂੰ ਫੁੱਲ ਮਾਲਾ ਭੇਟ ਕੀਤੀ। ਸਾਊਥ ਬਲਾਕ ਦੇ ਲਾਅਨ ਵਿੱਚ ਉਨ੍ਹਾਂ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਭਾਰਤ ਦੇ ਰਣਨੀਤਕ ਹਿੱਤ ਲਈ ਡੋਕਲਾਮ ਨੂੰ ਇਕ ਅਹਿਮ ਖੇਤਰ ਮੰਨਿਆ ਜਾਂਦਾ ਹੈ। ਭੂਟਾਨ ਦੇ ਕਬਜ਼ੇ ਵਾਲੇ ਖੇਤਰ ਵਿੱਚ ਜਦੋਂ ਚੀਨ ਨੇ ਸੜਕ ਵਧਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ 2017 ਵਿੱਚ ਡੋਕਲਾਮ ਟਰਾਈ-ਜੰਕਸ਼ਨ ਵਿੱਚ ਭਾਰਤ ਤੇ ਚੀਨ ਵਿਚਾਲੇ 73 ਦਿਨਾਂ ਤੱਕ ਤਣਾਅ ਬਣਿਆ ਰਿਹਾ ਸੀ। ਭਾਰਤ ਨੇ ਚੀਨ ਦੀ ਕਾਰਵਾਈ ਦਾ ਸਖਤ ਵਿਰੋਧ ਕੀਤਾ ਸੀ। ਕਈ ਗੇੜ ਦੀ ਗੱਲਬਾਤ ਤੋਂ ਬਾਅਦ ਭਾਰਤ-ਚੀਨ ਵਿਚਾਲੇ ਇਹ ਤਣਾਅ ਖ਼ਤਮ ਹੋ ਸਕਿਆ ਸੀ। -ਪੀਟੀਆਈ