ਮੁੰਬਈ: ਮਹਾਰਾਸ਼ਟਰ ਵਿੱਚ ਪਾਲਘਰ ਰੇਲਵੇ ਸਟੇਸ਼ਨ ਨੇੜੇ ਚਲਦੀ ਜੈਪੁਰ-ਮੁੰਬਈ ਸੈਂਟਰਲ ਐਕਸਪ੍ਰੈਸ ’ਚ ਅੱਜ ਤੜਕੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਕਾਂਸਟੇਬਲ ਨੇ ਅੱਜ ਦੋ ਬੋਗੀਆਂ ਵਿੱਚ ਸਵਾਰ ਆਪਣੇ ਸੀਨੀਅਰ ਸਾਥੀ ਮੁਲਾਜ਼ਮ ਅਤੇ ਤਿੰਨ ਯਾਤਰੀਆਂ ਨੂੰ ਗੋਲੀ ਮਾਰ ਦਿੱਤੀ। ਵਾਰਦਾਤ ਦੇ ਕਾਰਨ ਸਪੱਸ਼ਟ ਨਹੀਂ ਹੋ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਉਸ ਨੇ ਰੇਲਗੱਡੀ ਦੀ ਚੇਨ ਖਿੱਚ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਫੜ ਲਿਆ ਗਿਆ। ਰੇਲਗੱਡੀ ਮੀਰਾ ਰੋਡ ਤੇ ਦਹੀਸਰ ਸਟੇਸ਼ਨਾਂ ਵਿਚਾਲੇ ਰੁਕ ਗਈ ਸੀ। ਰੇਲਵੇ ਅਧਿਕਾਰੀ ਨੇ ਦੱਸਿਆ ਕਿ ਕਾਂਸਟੇਬਲ ਚੇਤਨ ਸਿੰਘ (34) ਬੀ5 ਕੋਚ ਵਿੱਚ ਆਟੋਮੈਟਿਕ ਹਥਿਆਰ ਨਾਲ ਆਰਪੀਐਫ ਦੇ ਸਹਾਇਕ ਸਬ-ਇੰਸਪੈਕਟਰ ਟੀਕਾ ਰਾਮ ਮੀਨਾ ਅਤੇ ਇਕ ਹੋਰ ਯਾਤਰੀ ਨੂੰ ਗੋਲੀ ਮਾਰ ਕੇ ਮਾਰ ਮੁਕਾਇਆ। ਉਸ ਨੇ ਬੀ6 ਕੋਚ ਵਿੱਚ ਇਕ ਹੋਰ ਯਾਤਰੀ ਅਤੇ ਬੀ5 ਤੇ ਬੀ6 ਕੋਚਾਂ ਦੇ ਵਿਚਾਲੇ ਖੜ੍ਹੀ ਪੈਂਟਰੀ ਕਾਰ ’ਚ ਸਵਾਰ ਵਿਅਕਤੀ ਨੂੰ ਵੀ ਗੋਲੀ ਮਾਰ ਦਿੱਤੀ। ਪਹਿਲਾਂ ਜੀਆਰਪੀ ਕੰਟਰੋਲ ਰੂਮ ਤੇ ਸੀਨੀਅਰ ਅਧਿਕਾਰੀ ਨੇ ਮੁਲਜ਼ਮ ਦੀ ਪਛਾਣ ਚੇਤਨ ਕੁਮਾਰ ਚੌਧਰੀ ਵਜੋਂ ਕੀਤੀ। ਦੁਪਹਿਰ ਮਗਰੋਂ ਜੀਆਰਪੀ ਕਮਿਸ਼ਨਰ ਰਵਿੰਦਰ ਸ਼ਿਵਵੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਂਸਟੇਬਲ ਦੀ ਪਛਾਣ ਚੇਤਨ ਸਿੰਘ ਵਜੋਂ ਹੋਈ ਹੈ।
ਅਧਿਕਾਰੀ ਮੁਤਾਬਿਕ ਗੌਰਮਿੰਟ ਰੇਲਵੇ ਪੁਲੀਸ ਜੀਆਰਪੀ ਦੇ ਮੁਲਾਜ਼ਮਾਂ ਨੇ ਸਿੰਘ ਨੂੰ ਉਦੋਂ ਫੜ ਲਿਆ ਜਦੋਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦਾ ਹਥਿਆਰ ਵੀ ਜ਼ਬਤ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਪਾਲਘਰ ਮੁੰਬਈ ਤੋਂ 100 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਮ੍ਰਿਤਕ ਯਾਰਤੀਆਂ ਦੀ ਪਛਾਣ ਅਬਦੁਲ ਕਾਦਿਰਭਾਈ ਮੁਹੰਮਦ ਹੁਸੈਨ ਭੰਨਪੁਰਵਾਲਾ (48), ਅਖਤਰ ਅੱਬਾਸ ਅਲੀ ਅਤੇ ਸਦਰ ਮੁਹੰਮਦ ਹੁਸੈਨ ਵਜੋਂ ਹੋਈ ਹੈ। ਇਸ ਦੌਰਾਨ ਏਆਈਐੱਮਆਈਐੱਮ ਮੁਖੀ ਅਸਾਦੁਦੀਨ ਓਵੈਸੀ ਨੇ ਇਸ ਘਟਨਾ ਨੂੰ ‘ਮੁਸਲਿਮਾਂ ’ਤੇ ਮਿੱਥ ਕੇ ਕੀਤਾ ਗਿਆ ਦਹਿਸ਼ਤੀ ਹਮਲਾ’ ਗਰਦਾਨਿਆ। ਉਨ੍ਹਾਂ ਕਿਹਾ ਕਿ ਇਹ ਘਟਨਾ ਮੁਲਕ ਵਿੱਚ ਮੁਸਲਮਾਨਾਂ ਵਿਰੋਧੀ ਨਫ਼ਰਤੀ ਭਾਸ਼ਣਾਂ ਅਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਸ ’ਤੇ ਨਕੇਲ ਕੱਸਣ ’ਚ ਰੁਚੀ ਨਾ ਰੱਖਣ ਦਾ ਸਿੱਟਾ ਹੈ। -ਪੀਟੀਆਈ
ਪੀੜਤ ਦੇ ਪਰਿਵਾਰ ਵੱਲੋਂ ਲਾਸ਼ ਲੈਣ ਤੋਂ ਇਨਕਾਰ
ਮੁੰਬਈ: ਐਕਸਪ੍ਰੈੱਸ ਰੇਲਗੱਡੀ ਵਿੱਚ ਇੱਕ ਆਰਪੀਐੱਫ ਕਾਂਸਟੇਬਲ ਵੱਲੋਂ ਮਾਰੇ ਗਏ ਤਿੰਨ ਯਾਤਰੀਆਂ ’ਚੋਂ ਅਸਗਰ ਅੱਬਾਸ ਦੇ ਰਿਸ਼ਤੇਦਾਰਾਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ। ਇੱਥੇ ਸਰਕਾਰੀ ਹਸਪਤਾਲ ਦੇ ਬਾਹਰ ਰੋਸ ਮੁਜ਼ਾਹਰੇ ਮੌਕੇ ਮ੍ਰਿਤਕ ਦੇ ਛੋਟੇ ਭਰਾ ਮੁਹੰਮਦ ਅਮਾਨੁੱਲ੍ਹਾ ਸ਼ੇਖ ਨੇ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੱਕ ਰੇਲਵੇ ਵੱਲੋਂ ਮੁਆਵਜ਼ੇ, ਉਸ ਦੀ ਦੇਹ ਨੂੰ ਜੈਪੁਰ ਲਿਜਾਣ ਦਾ ਪ੍ਰਬੰਧ ਅਤੇ ਉਸ ਦੇ ਵਾਰਿਸ ਲਈ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਉਹ ਲਾਸ਼ ਨਹੀਂ ਲੈਣਗੇ। ਇਸ ਦੌਰਾਨ ਪੁਲੀਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਘਟਨਾ ਵਾਲੇ ਦਿਨ ਕਾਂਸਟੇਬਲ ਚੇਤਨ ਸਿੰਘ ਦੀ ਤਬੀਅਤ ਸਹੀ ਨਹੀਂ ਸੀ। ਰੇਲਵੇ ਅਧਿਕਾਰੀਆਂ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਹੈ ਕਿ ਉਹ ਆਪਣਾ ਤਬਾਦਲਾ ਮੁੰਬਈ ਤੋਂ ਭਾਵਨਗਰ ਹੋਣ ਕਾਰਨ ਪ੍ਰੇਸ਼ਾਨ ਸੀ। -ਪੀਟੀਆਈ