ਨਵੀਂ ਦਿੱਲੀ, 25 ਮਈ
ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਸ) ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕਰੋਨਾ ਪੀੜਤ ਦੀ ਮੌਤ ਮਗਰੋਂ ਕਰੋਨਾਵਾਇਰਸ ਨੱਕ ਤੇ ਮੂੰਹ ’ਚ 12 ਤੋਂ 24 ਘੰਟੇ ਤੱਕ ਹੀ ਜਿਊਂਦਾ ਰਹਿੰਦਾ ਹੈ। ਇਸ ਲਈ ਕਰੋਨਾ ਪੀੜਤ ਦੀ ਲਾਸ਼ ਤੋਂ ਕਿਸੇ ਹੋਰ ਨੂੰ ਲਾਗ ਲੱਗਣ ਦੀ ਖਦਸ਼ਾ ਬਹੁਤ ਘੱਟ ਹੈ। ਇਸ ਸਬੰਧੀ ਏਮਸ ਦੇ ਫੋਰੈਂਸਿਕ ਮੈਡੀਸਿਨ ਵਿਭਾਗ ’ਚ ਪਿਛਲੇ ਇੱਕ ਸਾਲ ਤੋਂ ਅਧਿਐਨ ਕੀਤਾ ਜਾ ਰਿਹਾ ਹੈ। ਏਸਮ ਦੇ ਫੋਰੈਂਸਿਕ ਮੁਖੀ ਡਾ. ਸੁਧੀਰ ਗੁਪਤਾ ਨੇ ਕਿਹਾ, ‘ਸੌ ਦੇ ਕਰੀਬ ਕਰੋਨਾ ਪੀੜਤਾਂ ਦੀਆਂ ਲਾਸ਼ਾਂ ਦੀ ਮੌਤ ਤੋਂ 12 ਤੋਂ 24 ਘੰਟੇ ਮਗਰੋਂ ਮੁੜ ਜਾਂਚ ਕੀਤੀ ਗਈ ਤਾਂ ਉਨ੍ਹਾਂ ’ਚ ਕਰੋਨਾਵਾਇਰਸ ਨਹੀਂ ਮਿਲਿਆ। ਮੌਤ ਤੋਂ’ 24 ਘੰਟੇ ਬਾਅਦ ਕਰੋਨਾਵਾਇਰਸ ਨੱਕ ਤੇ ਮੂੰਹ ’ਚ ਨਹੀਂ ਰਹਿੰਦਾ। ਇਸ ਲਈ ਕਰੋਨਾ ਪੀੜਤ ਦੀ ਲਾਸ਼ ਤੋਂ ਕਿਸੇ ਨੂੰ ਲਾਗ ਲੱਗਣ ਦਾ ਜੋਖਮ ਬਹੁਤ ਹੀ ਘੱਟ ਹੈ ਜਾਂ ਨਾ ਦੇ ਬਰਾਬਰ ਹੈ।’ ਉਨ੍ਹਾਂ ਕਿਹਾ ਕਿ ਫਿਰ ਵੀ ਸੁਰੱਖਿਆ ਦੇ ਮੱਦੇਨਜ਼ਰ ਸਰੀਰ ’ਚੋਂ ਕੋਈ ਤਰਲ ਰਿਸਣ ਤੋਂ ਰੋਕਣ ਲਈ ਲਾਸ਼ ਦੇ ਨੱਕ ਤੇ ਮੂੰਹ ਬੰਦ ਕੀਤੇ ਜਾਣੇ ਚਾਹੀਦੇ ਹਨ ਤੇ ਲਾਸ਼ ਚੁੱਕਣ ਵਾਲਿਆਂ ਨੂੰ ਦਸਤਾਨੇ, ਮਾਸਕ ਤੇ ਪੀਪੀਈ ਕਿੱਟ ਪਹਿਨ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਸਕਾਰ ਤੋਂ ਬਾਅਦ ਕਰੋਨਾ ਪੀੜਤਾਂ ਦੇ ਫੁੱਲ ਚੁਗਣਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਨਾਲ ਲਾਗ ਦਾ ਕੋਈ ਖਤਰਾ ਨਹੀਂ ਹੈ। ਅਧਿਐਨ ਇਸ ਲਈ ਕੀਤਾ ਗਿਆ ਹੈ ਕਿ ਕਰੋਨਾ ਪੀੜਤਾਂ ਦੀਆਂ ਲਾਸ਼ਾਂ ਦੀ ਬੇਅਦਬੀ ਨਾ ਹੋਵੇ। -ਪੀਟੀਆਈ