ਨਵੀਂ ਦਿੱਲੀ, 29 ਮਈ
ਮੌਨਸੂਨ ਤੋਂ ਪਹਿਲਾਂ ਥਰਮਲ ਪਲਾਂਟਾਂ ’ਚ ਕੋਲੇ ਦੀ ਕਮੀ ਕਾਰਨ ਦੇਸ਼ ’ਚ ਜੁਲਾਈ-ਅਗਸਤ ’ਚ ਬਿਜਲੀ ਦਾ ਸੰਕਟ ਮੁੜ ਪੈਦਾ ਹੋ ਸਕਦਾ ਹੈ। ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ (ਸੀਆਰਈਏ) ਦੀ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ। ਖਾਣਾਂ ’ਤੇ ਲੱਗੇ ਪਾਵਰ ਸਟੇਸ਼ਨਾਂ ਕੋਲ ਅਜੇ 1.36 ਕਰੋੜ ਟਨ ਅਤੇ ਦੇਸ਼ ਭਰ ਦੇ ਪਾਵਰ ਪਲਾਂਟਾਂ ਕੋਲ 2.07 ਕਰੋੜ ਟਨ ਕੋਲਾ ਭੰਡਾਰ ਹਨ। ਸੀਆਰਈਏ ਨੇ ਕੋਲਾ ਪ੍ਰਬੰਧਨ ਦੇ ਸੰਕਟ ਬਾਰੇ ਰਿਪੋਰਟ ’ਚ ਕਿਹਾ ਹੈ,‘‘ਸਰਕਾਰੀ ਸਰੋਤਾਂ ਤੋਂ ਇਕੱਤਰ ਅੰਕੜਿਆਂ ਮੁਤਾਬਕ ਕੋਲਾ ਆਧਾਰਿਤ ਪਾਵਰ ਪਲਾਂਟ ਮੰਗ ’ਚ ਮਾਮੂਲੀ ਵਾਧੇ ਨੂੰ ਵੀ ਝੱਲਣ ਦੀ ਹਾਲਤ ’ਚ ਨਹੀਂ ਹਨ ਅਤੇ ਕੋਲੇ ਦੀ ਢੋਆ-ਢੁਆਈ ਦੀ ਯੋਜਨਾ ਪਹਿਲਾਂ ਤੋਂ ਬਣਾਉਣ ਦੀ ਲੋੜ ਹੈ।’’ ਕੇਂਦਰੀ ਬਿਜਲੀ ਅਥਾਰਟੀ ਦਾ ਅੰਦਾਜ਼ਾ ਹੈ ਕਿ ਅਗਸਤ ’ਚ ਬਿਜਲੀ ਦੀ ਮੰਗ 214 ਗੀਗਾਵਾਟ ਤੱਕ ਪਹੁੰਚ ਜਾਵੇਗੀ। ਇਸ ਤੋਂ ਇਲਾਵਾ ਔਸਤਨ ਬਿਜਲੀ ਦੀ ਮੰਗ ਵੀ ਮਈ ਦੌਰਾਨ 13342.6 ਕਰੋੜ ਯੂਨਿਟ ਤੋਂ ਵਧ ਹੋ ਸਕਦੀ ਹੈ।