ਪੁਣੇ, 6 ਜਨਵਰੀ
ਮਹਾਰਾਸ਼ਟਰ ਦੇ ਪੁਣੇ ਦੀ ਇੱਕ ਅਦਾਲਤ ਨੇ ਸ਼ਹਿਰ ਦੇ ਇੱਕ ਪ੍ਰੋਗਰਾਮ ਦੌਰਾਨ ਭੜਕਾਊ ਭਾਸ਼ਣ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਾਲੀਚਰਨ ਮਹਾਰਾਜ ਨੂੰ ਅੱਜ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਇੱਕ ਦਿਨ ਦਾ ਪੁਲੀਸ ਰਿਮਾਂਡ ਖਤਮ ਹੋਣ ਮਗਰੋਂ ਕਾਲੀਚਰਨ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਜੁਡੀਸ਼ਲ ਮੈਜਿਸਟਰੇਟ (ਪਹਿਲੀ ਸ਼੍ਰੇਣੀ) ਐੱਮਏ ਸ਼ੇਖ ਨੇ ਉਸ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਪੁਲੀਸ ਨੇ ਕਾਲੀਚਰਨ ਦੇ ਹੋਰ ਰਿਮਾਂਡ ਦੀ ਮੰਗ ਨਹੀਂ ਕੀਤੀ। ਕਾਲੀਚਰਨ ਦੇ ਵਕੀਲ ਨੇ ਕਿਹਾ ਕਿ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਗਈ ਹੈ ਅਤੇ ਇਸ ’ਤੇ ਭਲਕੇ 7 ਜਨਵਰੀ ਨੂੰ ਸੁਣਵਾਈ ਸ਼ੁਰੂ ਹੋਵੇਗੀ। ਪੁਣੇ ਪੁਲੀਸ ਨੇ ਰਾਏਪੁਰ ਤੋਂ ਕਾਲੀਚਰਨ ਉਰਫ਼ ਅਭਿਜੀਤ ਸਰਗ ਨੂੰ ਗ੍ਰਿਫ਼ਤਾਰ ਕੀਤਾ ਸੀ। ਕਾਲੀਚਰਨ ਖ਼ਿਲਾਫ਼ ਇੱਥੋਂ ਦੇ ਖੜਕ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ